ਹੁਸ਼ਿਆਰਪੁਰ : ਸ਼ਰਧਾਲੂਆਂ ਨਾਲ ਭਰੀ ਗੱਡੀ ਦਰਖ਼ਤ ਨਾਲ ਟਕਰਾਓਣ ਕਾਰਨ 10 ਲੋਕਾਂ ਮਾਰੇ ਗਏ ਅਤੇ 13 ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ।
ਸ਼ਰਧਾਲੂਆਂ ਨਾਲ ਭਰੀ ਇਹ ਗੱਡੀ ਹਿਮਾਚਲ ਪ੍ਰਦੇਸ਼ ਦੇ ਉਨਾ ਵਿੱਚ ਸਥਿਤ ਧਾਰਮਿਕ ਸਥਲ ਪੀਰ ਨਿਗਾਹੇ ਤੋਂ ਵਾਪਸ ਹੁਸ਼ਿਆਰਪੁਰ ਵੱਲ ਨੂੰ ਆ ਰਹੀ ਸੀ। ਇਸ ਵਿੱਚ ਦਸੂਹਾ ਦੇ ਪਿੰਡ ਉਸਮਾਨ ਦੇ ਕਰੀਬ 23 ਸ਼ਰਧਾਲੂ ਸਵਾਰ ਸਨ ਅਤੇ ਸਾਰੇ ਹੀ ਸ਼ਰਧਾਲੂ ਧਾਰਮਿਕ ਸਥਲ ਦਰਸ਼ਨਾ ਲਈ ਗਏ ਸਨ। ਸ਼ਾਮ ਵੇਲੇ ਜਦੋਂ ਇਹ ਪਿੱਕਅਪ ਗੱਡੀ ਵਾਪਿਸ ਆ ਰਹੀ ਸੀ ਤਾਂ ਅਚਾਨਕ ਰਾਹ ਵਿੱਚ ਨਗਰ ਨਿਗਮ ਦੇ ਦਫ਼ਤਰ ਨੇੜੇ ਗੱਡੀ ਦੇ ਸਾਹਮਣੇ ਇੱਕ ਰਿਕਸ਼ਾ ਚਾਲਕ ਆ ਗਿਆ। ਰਿਕਸ਼ਾ ਚਾਲਕ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਗੱਡੀ ਬੇਕਾਬੂ ਹੋ ਗਈ। ਗੱਡੀ ਪਹਿਲਾਂ ਰਿਕਸ਼ੇ ਨਾਲ ਜਾ ਟਕਰਾਈ ਉਸ ਮਗਰੋਂ ਸੜਕ ਦੇ ਕਿਨਾਰੇ ਲਗੇ ਸਫੈਦੇ ਦੇ ਦਰਖ਼ਤ ਨਾਲ ਟਕਰਾ ਗਈ।
ਇਹ ਟੱਕਰ ਇੰਨੀ ਭਿਆਨਕ ਸੀ ਕਿ ਗੱਡੀ ਦੇ ਪਰਖੱਚੇ ਉੱਡ ਗਏ। ਇਸ ਹਾਦਸੇ ਵਿੱਚ 10 ਸ਼ਰਧਾਲੂਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ 13 ਸ਼ਰਧਾਲੂ ਜ਼ਖ਼ਮੀ ਹੋ ਗਏ। ਹਾਦਸੇ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਨੇ ਮੌਕੇ ਤੇ ਪੁੱਜ ਕੇ ਸਥਾਨਕ ਲੋਕਾਂ ਦੀ ਮਦਦ ਨਾਲ ਗੱਡੀ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਿਆ ਅਤੇ ਜ਼ਖ਼ਮੀ ਲੋਕਾਂ ਨੂੰ ਇਲਾਜ ਲਈ ਹੁਸ਼ਿਆਰਪੁਰ ਦੇ ਸਿਵਿਲ ਹਸਪਤਾਲ ਪਹੁੰਚਾਇਆ ਗਿਆ ਹੈ। ਇਨ੍ਹਾਂ ਚੋਂ ਕਈਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮ੍ਰਿਤਕਾਂ ਵਿੱਚ ਦੋ ਬੱਚਿਆਂ ਸਮੇਤ ਤਿੰਨ ਮਹਿਲਾਵਾਂ ਵੀ ਸ਼ਾਮਲ ਹਨ।
ਹਾਦਸੇ ਬਾਰੇ ਪਤਾ ਲਗਦੇ ਹੀ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਪ੍ਰਗਟ ਕੀਤਾ ਹੈ। ਮੁੱਖ ਮੰਤਰੀ ਨੇ ਮਦਦ ਦੇ ਤੌਰ ਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 1ਲੱਖ ਅਤੇ ਜ਼ਖ਼ਮੀਆਂ ਨੂੰ 25 ਹਜ਼ਾਰ ਰੁਪਏ ਦਿੱਤੇ ਜਾਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਨੇ ਹਾਦਸੇ ਦੇ ਪੀੜਤ ਲੋਕਾਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਹੈ।