ਹੁਸ਼ਿਆਰਪੁਰ: ਇੱਕ ਪਾਸੇ ਜਿੱਥੇ ਨੌਜਵਾਨ ਵਿਦੇਸ਼ਾਂ ਵਿੱਚ ਜਾਣ ਦੀ ਚਾਹਤ ਰੱਖਦੇ ਹਨ, ਉੱਥੇ ਹੀ ਹੁਸ਼ਿਆਰਪੁਰ ਦੇ ਇੱਕ ਪੜ੍ਹੇ-ਲਿਖੇ ਉੱਦਮੀ ਨੌਜਵਾਨ ਨੇ ਕਿਸਾਨਾਂ ਨੂੰ ਇੱਕ ਨਵੀਂ ਰਾਹ ਦਿਖਾਈ ਹੈ। ਇਹ ਨੌਜਵਾਨ ਕਿਸਾਨ ਉਨ੍ਹਾਂ ਕਿਸਾਨਾਂ ਲਈ ਮਿਸਾਲ ਹੈ ਜੋ ਗਾਹੇ-ਬਗਾਹੇ ਕਿਸਾਨੀ ਨੂੰ ਘਾਟੇ ਦਾ ਸੌਦਾ ਦੱਸਦੇ ਹਨ।
ਆਪਣੀ ਸਬਜ਼ੀ ਵੇਚਣ 'ਚ ਕਿਹੜੀ ਸ਼ਰਮ... ਗੱਡੀ ਨੂੰ ਕਿਸਾਨ ਹੱਟ ਬਣਾ ਕੇ ਕਿਸਾਨ ਨੇ ਖੱਟੀ ਵਾਹ-ਵਾਹੀ - Hoshiarpur News
ਹੁਸ਼ਿਆਰਪੁਰ ਦੇ ਇੱਕ ਉੱਦਮੀ ਕਿਸਾਨ ਨੇ ਆਪਣੇ ਖੇਤਾਂ ਵਿੱਚ ਉਗਾਈਆਂ ਸਬਜ਼ੀਆਂ ਨੂੰ ਮੰਡੀਆਂ 'ਚ ਨਾ ਵੇਚ ਕੇ ਸਿੱਧਾ ਲੋਕਾਂ ਨੂੰ ਵੇਚਣ ਦਾ ਫੈਸਲਾ ਕੀਤਾ ਜਿਹੜਾ ਉਸ ਲਈ ਕਾਫ਼ੀ ਫਾਇਦੇਮੰਦ ਸਾਬਿਤ ਹੋ ਰਿਹਾ ਹੈ। ਅਗਾਂਹਵਧੂ ਕਿਸਾਨ ਸੁਖਵਿੰਦਰ ਸਿੰਘ ਸੁੱਖਾ ਨੇ ਇੱਕ ਕਿਸਾਨ ਹੱਟ ਬਣਾਈ ਹੈ। ਇਹ ਕਿਸਾਨ ਹੱਟ ਉਸ ਨੇ ਆਪਣੀ ਗੱਡੀ ਦੀ ਡਿੱਗੀ ਵਿੱਚ ਹੀ ਬਣਾ ਲਈ ਤੇ ਲੋਕਾਂ ਨੂੰ ਇੱਥੋਂ ਹਰ ਤਰ੍ਹਾਂ ਦੀਆਂ ਸਬਜ਼ੀਆ ਮਿਲ ਜਾਂਦੀਆਂ ਹਨ।
ਨੌਜਵਾਨ ਕਿਸਾਨ ਸੁਖਵਿੰਦਰ ਸਿੰਘ ਸੁੱਖਾ ਦਰੀਆ ਦਾ ਮੰਨਣਾ ਹੈ ਕਿ ਕਿਸਾਨਾਂ ਦੀ ਅਗਲੀ ਪੀੜ੍ਹੀ ਹੱਥੀ ਕੰਮ ਕਰਨ ਵਿੱਚ ਸ਼ਰਮ ਮਹਿਸੂਸ ਕਰਦੀ ਹੈ ਪਰ ਉਸ ਨੇ ਆਪਣੀ ਗੱਡੀ ਵਿੱਚ ਹੀ ਹੱਟ ਬਣਾ ਕੇ ਅਜਿਹੇ ਨੌਜਵਾਨਾਂ ਨੂੰ ਸ਼ਰਮ ਲਾਹ ਕੇ ਆਪਣੀ ਰੋਜ਼ੀ-ਰੋਟੀ ਕਮਾਉਣ ਦੀ ਇੱਕ ਰਾਹ ਦਿਖਾਈ ਹੈ। ਨੌਜਵਾਨ ਕਿਸਾਨ ਸਬਜ਼ੀਆਂ ਦੀ ਕਾਸ਼ਤ ਖ਼ੁਦ ਕਰਦਾ ਹੈ ਅਤੇ ਉਨ੍ਹਾਂ ਨੂੰ ਗੱਡੀ ਵਿੱਚ ਲੱਦ ਕੇ ਖੁਦ ਹੀ ਵੇਚਦਾ ਹੈ। ਦਰਅਸਲ, ਸੁਖਵਿੰਦਰ ਸਿੰਘ ਸੁੱਖਾ ਨੇ ਸਬਜ਼ੀ ਮੰਡੀਆਂ 'ਚ ਕਿਸਾਨਾਂ ਨਾਲ ਹੁੰਦੀ ਲੁੱਟ ਤੋਂ ਬਚਣ ਲਈ ਇਹ ਫੈਸਲਾ ਲਿਆ ਤੇ ਉਸ ਦਾ ਇਹ ਕਦਮ ਉਸ ਨੂੰ ਚੋਖਾ ਮੁਨਾਫ਼ਾ ਦੇ ਰਿਹਾ ਹੈ।
ਸੁਖਵਿੰਦਰ ਸਿੰਘ ਸੁੱਖਾ ਨੇ ਦੱਸਿਆ ਕਿ ਹਰ ਰੋਜ਼ ਸਬਜ਼ੀ ਵੇਚਣ ਨਾਲ ਉਸ ਦਾ ਮੁਨਾਫਾ ਵੀ ਵਧਿਆ ਹੈ। ਦੂਜੇ ਪਾਸੇ ਖਰੀਦਦਾਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਕਿਸਾਨ ਹੱਟ ਤੋਂ ਵਧੀਆ ਤੇ ਤਾਜ਼ੀ ਸਬਜ਼ੀ ਘੱਟ ਕੀਮਤ 'ਤੇ ਅਸਾਨੀ ਨਾਲ ਮਿਲ ਜਾਂਦੀ ਹੈ। ਕਿਸਾਨ ਹੱਟ ਤੇ ਇਸ ਦੇ ਮਾਲਕ ਨੌਜਵਾਨ ਕਿਸਾਨ ਨੇ ਸਾਰੇ ਕਿਸਾਨਾਂ ਲਈ ਇੱਕ ਉਦਾਹਰਣ ਪੇਸ਼ ਕੀਤਾ ਹੈ ਕਿ ਸਾਰੇ ਕਿਸਾਨ ਰਵਾਇਤੀ ਫਸਲਾਂ ਦੇ ਨਾਲ ਨਾਲ ਸਬਜ਼ੀਆਂ ਦੀ ਕਾਸ਼ਤ ਵੱਲ ਵੀ ਧਿਆਨ ਦੇਣ ਤਾਂ ਜੋ ਕਿਸਾਨਾਂ ਦੀ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਸਕਣ।