ਹੁਸ਼ਿਆਰਪੁਰ: ਜ਼ਿਲ੍ਹੇ ਦੇ ਨੇੜਲੇ ਪਿੰਡ ਕਿਲ੍ਹਾ ਬਰੂਨ ਵਿਖੇ ਇੱਕ ਧਾਰਮਿਕ ਡੇਰੇ ਦੇ ਸੰਤ ਉੱਤੇ ਨਸ਼ਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੇ ਜਾਣ ਦੇ ਦੋਸ਼ ਲੱਗੇ ਹਨ। ਇਹ ਦੋਸ਼ ਉਕਤ ਸੰਤ ਦੀ ਸਕੀ ਭੈਣ ਤੇ ਭਾਣਜੇ ਵੱਲੋਂ ਲਗਾਏ ਗਏ ਹਨ।
ਮੀਡੀਆ ਨੂੰ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਉਕਤ ਸੰਤ ਦੀ ਭੈਣ ਕਮਲਜੀਤ ਕੌਰ ਨੇ ਦੱਸਿਆ ਕਿ ਉਸ ਦੇ ਭਰਾ ਮਹਾਂਵੀਰ ਨੇ ਨਸ਼ਾ ਕਰਕੇ ਸ੍ਰੀ ਅਖੰਡ ਸਾਹਿਬ ਜੀ ਦਾ ਪਾਠ ਕੀਤਾ। ਉਸ ਨੇ ਕਈ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵੀ ਕੀਤੀ ਹੈ। ਕਮਲਜੀਤ ਨੇ ਦੱਸਿਆ ਕਿ ਉਕਤ ਮੁਲਜ਼ਮ ਨੇ ਇਹ ਗੱਲ ਇੱਕ ਆਡੀਓ ਵਿੱਚ ਕਬੂਲ ਵੀ ਕੀਤੀ ਹੈ। ਜਦ ਕਮਲਜੀਤ ਤੇ ਉਸ ਦੇ ਪੁੱਤਰ ਨੇ ਮਹਾਂਵੀਰ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਹ ਦੋਹਾਂ ਦਾ ਦੁਸ਼ਮਣ ਬਣ ਗਿਆ।
ਸੰਤ ਉੱਤੇ ਲੱਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਨਸ਼ਾ ਕਰਨ ਦੇ ਦੋਸ਼ ਸ਼ਿਕਾਇਤ ਕਰਤਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮਹਾਂਵੀਰ ਸਿੰਘ ਉਸ ਦਾ ਮਾਮਾ ਲਗਦਾ ਹੈ। ਜਦ ਉਨ੍ਹਾਂ ਨੂੰ ਮਹਾਂਵੀਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਾਰੇ ਪਤਾ ਲੱਗਾ ਤਾਂ ਉਸ ਦਾ ਜ਼ਮੀਰ ਨਾ ਮੰਨਿਆ ਤੇ ਉਸ ਨੇ ਸਬੰਧੀ ਸੋਸ਼ਲ ਮੀਡੀਆ 'ਤੇ ਪੋਸਟ ਪਾ ਦਿੱਤੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਉਸ ਦੀ ਸ਼ਿਕਾਇਤ ਕੀਤੀ। ਜਾਂਚ ਦੇ ਦੌਰਾਨ ਉਹ ਦੋਸ਼ੀ ਪਾਇਆ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਹਾਂਵੀਰ ਸਿੰਘ ਨੂੰ ਸਜ਼ਾ ਵੀ ਸੁਣਾਈ ਜਾ ਚੁੱਕੀ ਹੈ। ਇਸ ਮਗਰੋਂ ਮਹਾਂਵੀਰ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਲੱਗਾ ਤੇ ਉਨ੍ਹਾਂ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਸੁਖਵਿੰਦਰ ਨੇ ਦੱਸਿਆ ਕਿ ਇਸ ਬਾਰੇ ਕਈ ਵਾਰ ਪੁਲਿਸ ਨੂੰ ਸ਼ਿਕਾਇਤ ਦੇ ਚੁੱਕੇ ਹਨ, ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ।
ਸੰਤ ਨੇ ਖ਼ੁਦ ਲੱਗੇ ਦੋਸ਼ਾਂ ਨੂੰ ਨਕਾਰਿਆ ਇਸ ਸਬੰਧੀ ਉਨ੍ਹਾਂ ਵੱਲੋਂ ਪਿੰਡ ਦੀ ਪੰਚਾਇਤ ਕੋਲ ਸ਼ਿਕਾਇਤ ਕੀਤੀ ਗਈ ਹੈ। ਜਦੋਂ ਮਹਾਂਵੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਖ਼ੁਦ 'ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮਹਿਜ਼ ਇੱਕ ਘਰੇਲੂ ਮਾਮਲੇ ਨੂੰ ਲੈ ਕੇ ਨਿੱਜੀ ਰੰਜਿਸ਼ ਦੇ ਚਲਦੇ ਉਨ੍ਹਾਂ 'ਤੇ ਇਹ ਬੇਬੁਨਿਆਦ ਦੋਸ਼ ਲਗਾਏ ਜਾ ਰਹੇ ਹਨ।