ਹੁਸ਼ਿਆਰਪੁਰ: ਦੁਨੀਆਂ ਭਰ ਵਿੱਚ ਕੋਰੋਨਾ ਵਾਇਰਸ ਨੂੰ ਲੈ ਕੇ ਲੜਾਈ ਲੜ੍ਹੀ ਜਾ ਰਹੀ ਹੈ। ਭਾਰਤ ਵੀ ਇਸ ਤੋਂ ਅਛੂਤਾ ਨਹੀਂ ਹੈ। ਇਸ ਲੜਾਈ ਵਿੱਚ ਜਿੱਥੇ ਡਾਕਟਰ, ਪੁਲਿਸ, ਪ੍ਰਸ਼ਾਸਨ ਅਤੇ ਸਫ਼ਾਈ ਕਰਮਚਾਰੀ ਆਪਣੀ- ਆਪਣੀ ਡਿਊਟੀ ਨਿਭਾ ਰਹੇ ਹਨ। ਉੱਥੇ ਹੀ ਹੁਸ਼ਿਆਰਪੁਰ ਦੇ ਕਸਬਾ ਹਾਜੀਪੁਰ ਦੇ ਇੱਕ ਛੋਟੇ ਜਿਹੇ ਪਿੰਡ ਗੰਗਵਾਲ ਹਰ ਵਿੱਚ ਇੱਕ ਪਰਿਵਾਰ ਨਾਲ ਸਬੰਧਿਤ ਕੁੱਝ ਲੜਕੀਆਂ ਨੇ ਕੋਰੋਨਾ ਖਿਲਾਫ਼ ਲੜਾਈ ਲੜਨ ਦਾ ਬੀੜਾ ਚੁੱਕਿਆ ਹੈ।
MA ਪੜ੍ਹੀਆਂ ਕੁੜੀਆਂ ਨੇ ਕੋਰੋਨਾ ਖਿਲਾਫ ਲੜਾਈ ਲੜਨ ਦਾ ਚੁੱਕਿਆ ਬੀੜਾ ਇਨ੍ਹਾਂ ਲੜਕੀਆਂ ਨੇ ਆਪਣੇ ਹੱਥ ਨਾਲ ਮਾਸਕ ਬਣਾ ਕੇ ਘਰ-ਘਰ ਪਹੁੰਚਾਉਣ ਦਾ ਟੀਚਾ ਮਿਥਿਆ ਹੈ ਤੇ ਇਸ ਵਿੱਚ ਉਨ੍ਹਾਂ ਦਾ ਸਾਥ ਪਿੰਡ ਦੇ ਸਰਪੰਚ ਦੇ ਰਹੇ ਹਨ। ਅਲਕਾ ਰਾਣੀ ਨੇ ਬਤੌਰ ਐੱਮਏ ਹਿੰਦੀ ਦੀ ਸਿੱਖਿਆ ਹਾਸਲ ਕੀਤੀ ਹੈ। ਰਾਣੀ ਨੇ ਦੱਸਿਆ ਕਿ ਡਾਕਟਰ, ਪੁਲਿਸ ਅਤੇ ਸਫ਼ਾਈ ਕਰਮਚਾਰੀਆਂ ਨੂੰ ਵੇਖ ਕੇ ਉਨ੍ਹਾਂ ਮਨ ਬਣਾਇਆ ਕਿ ਉਹ ਵੀ ਇਸ ਲੜਾਈ ਵਿੱਚ ਹਿੱਸਾ ਲੈਣਗੀਆਂ।
ਇਸ ਲਈ ਉਨ੍ਹਾਂ ਨੇ ਘਰ ਬਹਿ ਕੇ ਮਾਸਕ ਬਣਾਉਣੇ ਸ਼ੁਰੂ ਕੀਤੇ। ਇਹ ਕੁੜੀਆਂ ਮਾਸਕ ਬਣਾ ਕੇ ਘਰ-ਘਰ ਪਹੁੰਚਾਉਣ ਦਾ ਕੰਮ ਕਰਦੀਆਂ ਹਨ। ਸ਼ੁਰੂਆਤੀ ਤੌਰ 'ਤੇ ਉਨ੍ਹਾਂ ਨੇ ਪਹਿਲਾਂ 60 ਤੋਂ 70 ਮਾਸਕ ਬਣਾਉਣੇ ਸ਼ੁਰੂ ਕੀਤੇ ਜਿਨ੍ਹਾਂ ਦੀ ਗਿਣਤੀ ਹੁਣ ਵੱਧ ਕੇ 150 ਤੋਂ 200 ਤੱਕ ਪਹੁੰਚ ਚੁੱਕੀ ਹੈ। ਰਾਣੀ ਨੇ ਕਿਹਾ ਕਿ ਜਦੋਂ ਤੱਕ ਕੋਰੋਨਾ ਦੀ ਲੜਾਈ ਜਾਰੀ ਰਹੇਗੀ ਉਦੋਂ ਤੱਕ ਉਹ 'ਤੇ ਉਨ੍ਹਾਂ ਦਾ ਸਹਿਯੋਗ ਕਰਨ ਵਾਲੀਆ ਕੁੜੀਆਂ ਆਪਣੀ ਹਿੱਸੇਦਾਰੀ ਨਿਭਾਉਣਗੀਆਂ।
ਇਸ ਮੌਕੇ ਪਿੰਡ ਦੇ ਸਰਪੰਚ ਨੇ ਕਿਹਾ ਕਿ ਉਨ੍ਹਾਂ ਨੂੰ ਲੜਕੀਆਂ ਨੇ ਅਪਰੋਚ ਕੀਤੀ ਕਿ ਉਹ ਇਸ ਲੜਾਈ ਵਿੱਚ ਹਿੱਸਾ ਪਾਉਣਾ ਚਾਹੁੰਦੀਆਂ ਹਨ। ਇਸ ਕਰਕੇ ਉਨ੍ਹਾਂ ਨੂੰ ਪਹਿਲਾ ਸਮਾਨ ਲਿਆ ਕੇ ਦਿੱਤਾ ਤੇ ਫਿਕ ਉਨ੍ਹਾਂ ਨੇ ਮਾਸਕ ਬਣਾ ਕੇ ਪਹਿਲਾਂ ਪਿੰਡ ਤੇ ਫਿਰ ਰਾਹਗੀਰਾਂ ਨੂੰ, ਹੁਣ ਪਿੰਡ ਦੇ ਨਾਲ ਲੱਗਦੇ ਹੋਰ ਪੰਚਾਇਤਾਂ ਤੱਕ ਇਸ ਨੂੰ ਪਹੁੰਚਾਉਣਾ ਸ਼ੁਰੂ ਕੀਤਾ।