ਹੁਸ਼ਿਆਰਪੁਰ: ਕਸਬਾ ਮਾਹਿਲਪੁਰ ਨੇੜੇ ਚੰਡੀਗੜ੍ਹ-ਗੜਸੰਕਰ ਰੋਡ 'ਤੇ ਮਾਮਲਾ ਉਸ ਸਮੇਂ ਵਿਗੜ ਗਿਆ ਜਦੋਂ ਭਾਜਪਾ ਦਫ਼ਤਰ ਦਾ ਘਿਰਾਓ ਕਰ ਰਹੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਭਾਜਪਾ ਰਾਸ਼ਟਰੀ ਕੌਂਸਲ ਦੇ ਮੈਂਬਰ ਡਾ. ਦਿਲਬਾਗ ਰਾਏ ਦੇ ਦਫ਼ਤਰ ਦੇ ਬਾਹਰ ਲੱਗੇ ਫ਼ਲੈਕਸ ਬੋਰਡਾਂ 'ਤੇ ਕਾਲਕ ਮਲ ਦਿੱਤੀ। ਇਸ ਦੌਰਾਨ ਉਨ੍ਹਾਂ ਮੁੱਖ ਸੜਕ 'ਤੇ ਚੱਕਾ ਜਾਮ ਕਰਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਮੌਕੇ 'ਤੇ ਪਹੁੰਚੀ ਪੁਲਿਸ ਪਾਰਟੀਆਂ ਨੇ ਸਥਿਤੀ ਨੂੰ ਕਾਬੂ ਕੀਤਾ। ਦੱਸਣਯੋਗ ਹੈ ਕਿ ਜਿਸ ਵੇਲੇ ਇਹ ਪ੍ਰਦਰਸ਼ਨ ਹੋ ਰਿਹਾ ਸੀ, ਉਸ ਵੇਲੇ ਭਾਜਪਾ ਪ੍ਰਧਾਨ ਆਪਣੇ ਦਫ਼ਤਰ ਵਿੱਚ ਨਹੀਂ ਸਨ| ਮਾਮਲਾ ਵਿਗੜਦਾ ਦੇਖ ਕਿਸਾਨ ਆਗੂ ਮੋਰਚਾ ਛੱਡ ਚੱਲ ਗਏ।
ਮੌਕੇ 'ਤੇ ਪਹੁੰਚੇ ਭਾਜਪਾ ਕੋਟਫ਼ਤੂਹੀ ਦੇ ਪ੍ਰਧਾਨ ਤਰੁਣ ਅਰੌੜਾ ਨੇ ਕਾਲੇ ਕੀਤੇ ਬੋਰਡਾਂ ਨੂੰ ਸਾਫ਼ ਕਰਕੇ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ| ਇਸ ਸਬੰਧੀ ਭਾਜਪਾ ਨੇਤਾ ਡਾ. ਦਿਲਬਾਗ ਰਾਏ ਨੇ ਦੱਸਿਆ ਕਿ ਕਾਂਗਰਸ ਪਾਰਟੀ ਦੇ ਉਹ ਆਗੂ ਜਿਨ੍ਹਾਂ ਕੋਲ 2 ਮਰਲੇ ਜਮੀਨ ਵੀ ਨਹੀਂ ਹੈ ਉਹ ਕਿਸਾਨਾਂ ਨੂੰ ਗੁਮਰਾਹ ਕਰਕੇ ਸਮਾਜ ਵਿੱਚ ਵੰਡੀਆਂ ਪਾਉਣ ਦਾ ਕੰਮ ਕਰ ਰਹੇ ਹਨ|
ਉਨ੍ਹਾਂ ਕਿਹਾ ਕਿ ਉਨ੍ਹਾਂ ਪੁਲਿਸ ਅਧਿਕਾਰੀਆਂ ਨਾਲ ਗਲਬਾਤ ਕਰ ਲਈ ਹੈ ਅਤੇ ਉਹ ਲਿਖ਼ਤੀ ਸ਼ਿਕਾਇਤ ਵੀ ਕਰ ਰਹੇ ਹਨ|ਇਸ ਸਬੰਧੀ ਐਸਪੀ ਰਵਿੰਦਰ ਸਿੰਘ ਨੇ ਦੱਸਿਆ ਕਿ ਸਥਿਤੀ ਕੰਟਰੋਲ ਹੇਠ ਹੈ| ਡਾਕਟਰ ਦਿਲਬਾਗ ਰਾਏ ਨੇ ਕਾਂਗਰਸੀ ਆਗੂ ਨੂੰ ਮਾਫ਼ ਕਰ ਦਿੱਤਾ ਹੈ| ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣਾ ਵਿਰੋਧ ਸ਼ਾਂਤੀ ਪੂਰਵਕ ਕਰਨ ਨਹੀਂ ਤਾਂ ਪੁਲਿਸ ਸਖ਼ਤ ਕਾਰਵਾਈ ਕਰੇਗੀ।