ਹੁਸ਼ਿਆਰਪੁਰ : ਸ੍ਰੀਨਗਰ ਜਾਂ ਘਨੌਰ ਦੀ ਸੱਥ ਵਿੱਚ ਹਮੇਸ਼ਾ ਸੇਬ ਦੀ ਗੱਲ ਹੁੰਦੀ ਸੀ, ਕਦੇ ਕਿਸੇ ਨੇ ਇਹ ਨਹੀਂ ਸੋਚਿਆ ਸੀ ਕਿ ਹੁਸ਼ਿਆਰਪੁਰ ਦੇ ਕੰਢੀ ਖੇਤਰ 'ਚ ਵੀ ਸੇਬਾਂ ਦੀ ਖੇਤੀ ਕੀਤੀ ਜਾ ਸਕਦੀ ਹੈ। ਹੁਸ਼ਿਆਰਪੁਰ ਦੇ ਇੱਕ ਸਫਲ ਕਿਸਾਨ ਨੇ ਜ਼ਿਲ੍ਹੇ ਦੇ ਕੰਢੀ ਖੇਤਰ 'ਚ ਸੇਬਾਂ ਦੀ ਖੇਤੀ ਕਰ ਨਵੀਂ ਮਿਸਾਲ ਪੇਸ਼ ਕੀਤੀ ਹੈ।
ਹੁਸ਼ਿਆਰਪੁਰ ਦੇ ਕਿਸਾਨਾਂ ਨੇ ਕੀਤੀ ਸੇਬਾਂ ਦੀ ਖੇਤੀ, ਦੂਰੋਂ-ਦੂਰੋਂ ਦੇਖਣ ਆਉਂਦੇ ਨੇ ਲੋਕ ਡਾ. ਗੁਰਿੰਦਰ ਬਾਜਵਾ ਨੇ ਕੰਢੀ ਖੇਤਰ 'ਚ ਸੇਬਾਂ ਦੀ ਖੇਤੀ ਨੂੰ ਸੱਚ ਕਰਕੇ ਵਿਖਾਇਆ ਹੈ। ਗੁਰਿੰਦਰ ਬਾਜਵਾ ਜ਼ਿਲ੍ਹੇ ਦੇ ਚੌਹਾਲ ਪਿੰਡ ਦੇ ਵਸਨੀਕ ਹਨ ਤੇ ਇਥੇ ਉਹ ਸੇਬ ਦੇ ਬਾਗ ਲਗਾਉਣ 'ਚ ਸਫ਼ਲ ਰਹੇ।
ਸੇਬਾਂ ਦੀ ਖੇਤੀ ਬਾਰੇ ਈਵੀਟੀ ਭਾਰਤ ਨਾਲ ਗੱਲਬਾਤ ਕਰਦਿਆਂ ਡਾ.ਗੁਰਿੰਦਰ ਬਾਜਵਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਹ ਹੋਰਟੀਕਲਚਰ ਵਿਭਾਗ 'ਚ ਕੰਮ ਕਰਦੇ ਸਨ ਤੇ ਰਿਟਾਇਰਮੈਂਟ ਤੋਂ ਬਾਅਦ ਉਨ੍ਹਾਂ ਨੇ ਸੇਬਾਂ ਦੀ ਖੇਤੀ ਕਰਨ ਬਾਰੇ ਸੋਚਿਆ। ਕੁਝ ਸਮਾਂ ਪਹਿਲਾਂ ਉਹ ਪਾਲਮਪੁਰ ਗਏ ਤੇ ਉਥੋਂ ਸੇਬ ਦੇ ਕੁੱਝ ਬੂਟੇ ਲਿਆਂਦੇ ਸਨ। ਜਦ ਉਨ੍ਹਾਂ ਨੇ ਇਸ ਨੂੰ ਲਾਇਆ ਤਾਂ ਵਧੀਆ ਰਿਜਲਟ ਮਿਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਸੇਬ ਦੇ ਹੋਰ ਬੂਟੇ ਲਿਆ ਕੇ ਸੇਬ ਦੇ ਬਾਗ ਤਿਆਰ ਕੀਤੇ।
ਹੋਰ ਪੜ੍ਹੋ : ਮਿਸ਼ਨ ਫ਼ਤਿਹ: ਕੈਪਟਨ ਅਮਰਿੰਦਰ ਨੇ ਸ਼ੁਰੂ ਕੀਤੀ ਜਾਗਰੂਕਤਾ ਮੁਹਿੰਮ
ਸੇਬ ਦੀ ਖੇਤੀ ਬਾਰੇ ਦੱਸਦੇ ਹੋਏ ਡਾ. ਗੁਰਿੰਦਰ ਨੇ ਦੱਸਿਆ ਕਿ ਸੇਬ ਦੇ ਖੇਤੀ ਲਈ ਘੱਟ ਤਾਪਮਾਨ ਦੀ ਲੋੜ ਹੁੰਦੀ ਹੈ। ਇਸ ਲਈ ਉਨ੍ਹਾਂ ਨੇ ਚੌਹਾਲ ਦੇ ਨੇੜੇ ਸਥਿਤ ਡੈਂਮ ਦੇ ਖ਼ੇਤਰ ਨੂੰ ਬਾਗ ਲਾਉਣ ਲਈ ਚੁਣਿਆ। ਉਨ੍ਹਾਂ ਦੱਸਿਆ ਕਿ ਡੈਂਮ ਦੇ ਨੇੜਲੇ ਖ਼ੇਤਰ 'ਚ ਰਾਤ ਵੇਲੇ ਤਾਪਮਾਨ ਘੱਟ ਹੁੰਦਾ ਹੈ, ਜੋ ਕਿ ਸੇਬਾਂ ਦੀ ਖੇਤੀ ਲਈ ਵਧੀਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਹੁਣ ਤੱਕ 800 ਬੂਟੇ ਲਗਾਏ ਗਏ ਹਨ।
ਉਨ੍ਹਾਂ ਦੱਸਿਆ ਇਨ੍ਹਾਂ ਸੇਬਾਂ ਦਾ ਸਵਾਦ ਵਧੀਆ ਹੁੰਦਾ ਹੈ, ਇਸ ਲਈ ਬਜ਼ਾਰ 'ਚ ਇਸ ਦੀ ਮੰਗ ਵੱਧ ਹੈ। ਜੇਕਰ ਕਿਸਾਨ ਰਵਾਇਤੀ ਖੇਤੀ ਤੋਂ ਹੱਟ ਕੇ ਸੇਬ ਦੀ ਖੇਤੀ ਕਰਨ ਤਾਂ ਉਹ ਵਧੀਆ ਮੁਨਾਫਾ ਕਮਾ ਸਕਦੇ ਹਨ ਕਿਉਂਕਿ ਬਜ਼ਾਰ 'ਚ ਮੰਗ ਵੱਧ ਹੋਣ ਕਾਰਨ ਇਸ ਦੀ ਵਧੀਆ ਕੀਮਤ ਵੀ ਮਿਲ ਜਾਂਦੀ ਹੈ। ਉਨ੍ਹਾਂ ਸਥਾਨਕ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਹਿਲਾਂ ਘੱਟ ਬੂਟੇ ਤੋਂ ਇਸ ਦੀ ਸ਼ੁਰੂਆਤ ਕਰਨ ਜੇਕਰ ਵਧੀਆ ਰਿਜ਼ਲਟ ਮਿਲਦਾ ਹੈ ਤਾਂ ਉਹ ਵੱਡੇ ਪੱਧਰ 'ਤੇ ਸੇਬਾਂ ਦੀ ਖੇਤੀ ਸ਼ੁਰੂ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਤੇ ਬਾਗਵਾਨਾਂ ਲਈ ਸੇਬਾਂ ਦੀ ਖੇਤੀ ਵਰਦਾਨ ਸਾਬਿਤ ਹੋ ਸਕਦੀ ਹੈ।