ਸ੍ਰੀ ਫਤਿਹਗੜ੍ਹ ਸਾਹਿਬ/ਹੁਸ਼ਿਆਰਪੁਰ: ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ 115ਵੇਂ ਜਨਮ ਦਿਵਸ ਨੂੰ ਸਮਰਪਿਤ ਸੂਬੇ ਦੇ ਵੱਖ ਵੱਖ ਜ਼ਿਲ੍ਹੇ ਵਿੱਚ ਕੈਂਡਲ ਮਾਰਚ ਕੱਢਿਆ ਗਿਆ। ਇਸ ਦੌਰਾਨ ਕੈਂਡਲ ਮਾਰਚ ਵਿੱਚ ਸ਼ਾਮਲ ਭਾਗੀਦਾਰਾਂ ਨੇ ‘ਭਗਤ ਸਿੰਘ ਤੇਰੀ ਸੋਚ 'ਤੇ, ਪਹਿਰਾ ਦਿਆਂਗੇ ਠੋਕ ਕੇ' ਅਤੇ 'ਇਨਕਲਾਬ ਜ਼ਿੰਦਾਬਾਦ' ਦੇ ਨਾਅਰੇ ਲਗਾਏ ਗਏ।
ਅਮਲੋਹ ਵਿੱਚ ਕੈਂਡਲ ਮਾਰਚ:ਇਸੇ ਦੇ ਚੱਲਦੇ ਸ੍ਰੀ ਫਤਿਹਗੜ੍ਹ ਸਾਹਿਬ ਦੇ ਹਲਕਾ ਅਮਲੋਹ ਵਿਖੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ 115ਵੇਂ ਜਨਮ ਦਿਵਸ ਨੂੰ ਸਮਰਪਿਤ ਵਿਸ਼ਾਲ ਕੈਂਡਲ ਮਾਰਚ ਨਾਭਾ ਚੌਂਕ ਅਮਲੋਹ ਤੋਂ ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਲੜਕੀਆਂ ਅਮਲੋਹ ਤੱਕ ਕੱਢਿਆ ਗਿਆ। ਇਸ ਕੈਂਡਲ ਮਾਰਚ ਉਪਰੰਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਅਮਲੋਹ ਵਿਖੇ ਸਹੁੰ ਚੁੱਕ ਸਮਾਗਮ ਆਯੋਜਿਤ ਕੀਤਾ ਗਿਆ।
ਇਸ ਮੌਕੇ ਗੱਲਬਾਤ ਕਰਦੇ ਹੋਏ ਡੀਸੀ ਫਤਿਹਗੜ੍ਹ ਸਾਹਿਬ ਪ੍ਰਨੀਤ ਸ਼ੇਰਗਿੱਲ ਅਤੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਕਿਹਾ ਕਿ ਇਸ ਕੈਂਡਲ ਮਾਰਚ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਭਗਤ ਸਿੰਘ ਦੇ ਸੁਪਨਿਆਂ ਦਾ ਮੁਲਕ ਬਣਾਉਣ ਲਈ ਪ੍ਰੇਰਿਤ ਕਰਨਾ ਹੈ। ਇਹ ਮਾਰਚ ਉਨ੍ਹਾਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਦਾ ਵੀ ਇਕ ਜ਼ਰੀਆ ਹੈ। ਉਨ੍ਹਾਂ ਨੇ ਲੋਕਾਂ ਨੂੰ ਸ਼ਹੀਦਾਂ ਦੀ ਸੋਚ 'ਤੇ ਪਹਿਰਾ ਦੇਣ ਦਾ ਸੱਦਾ ਦਿੰਦਿਆਂ ਕਿਹਾ ਕਿ ਸਾਨੂੰ ਸ਼ਹੀਦਾਂ ਦੀ ਸੋਚ 'ਤੇ ਚੱਲਣ ਦਾ ਪ੍ਰਣ ਕਰਨਾ ਚਾਹੀਦਾ ਹੈ।
ਡਿਪਟੀ ਕਮਿਸ਼ਨਰ ਪ੍ਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਇਸ ਸ਼ੁਭ ਦਿਹਾੜੇ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਡੇ ਸ਼ਹੀਦਾਂ ਦੇ ਆਦਰਸ਼ਾਂ ਤੋਂ ਲੋਕਾਂ ਨੂੰ ਪ੍ਰੇਰਿਤ ਕਰਨ ਅਤੇ ਉਨ੍ਹਾਂ ਦੇ ਸੰਕਲਪ ਰਾਸ਼ਟਰ ਨਿਰਮਾਣ ਦੀ ਪ੍ਰਕ੍ਰਿਆ ਨੂੰ ਸਾਕਾਰ ਕਰਨ ਲਈ ਦਿਨ ਭਰ ਵੱਖ-ਵੱਖ ਪ੍ਰੋਗਰਾਮ ਉਲੀਕੇ ਗਏ।
ਹੁਸ਼ਿਆਰਪੁਰ ਵਿਖੇ ਕੈਂਡਲ ਮਾਰਚ ਹੁਸ਼ਿਆਰਪੁਰ ਵਿੱਚ ਵਿਸ਼ਾਲ ਕੈਂਡਲ ਮਾਰਚ: ਦੂਜੇ ਪਾਸੇ ਹੁਸ਼ਿਆਰਪੁਰ ਵਿਖੇ ਵਿਸ਼ਾਲ ਕੈਂਡਲ ਮਾਰਚ ਕੱਢਿਆ ਗਿਆ, ਜਿਸ ਦੀ ਅਗਵਾਈ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਅਤੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਵਲੋਂ ਸਾਂਝੇ ਤੌਰ ’ਤੇ ਕੀਤੀ ਗਈ ਅਤੇ ਉਹ ਇਸ ਕੈਂਡਲ ਮਾਰਚ ਵਿਚ ਅਧਿਕਾਰੀਆਂ, ਕੌਂਸਲਰਾਂ ਅਤੇ ਸ਼ਹਿਰ ਵਾਸੀਆਂ ਨਾਲ ਪੀਲੀਆਂ ਪੱਗਾਂ ਬੰਨ ਕੇ ਸ਼ਾਮਲ ਹੋਏ। ਦੱਸ ਦਈਏ ਕਿ ਸਥਾਨਕ ਡੀਏਵੀ ਕਾਲਜ ਤੋਂ ਸ਼ਹੀਦ ਭਗਤ ਸਿੰਘ ਚੌਕ ਤੱਕ ਨਿਕਲੇ ਇਸ ਕੈਂਡਲ ਮਾਰਚ ਵਿਚ ਵੱਡੀ ਗਿਣਤੀ ’ਚ ਸ਼ਹਿਰ ਵਾਸੀਆਂ ਨੇ ਹਿੱਸਾ ਲਿਆ।
ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਸ਼੍ਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸ਼ਹੀਦ ਭਗਤ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸਹੁੰ ਚੁੱਕ ਕੇ ਪੰਜਾਬ ਦੀ ਸੇਵਾ ਸੰਭਾਲੀ ਸੀ, ਜਿਸ ਤੋਂ ਸਪੱਸ਼ਟ ਹੋ ਗਿਆ ਸੀ ਕਿ ਸ਼ਹੀਦਾਂ ਦੇ ਸੁਪਨਿਆਂ ਦਾ ਪੰਜਾਬ ਸਿਰਜਣ ਅਤੇ ਇਸ ਨੂੰ ਰੰਗਲਾ ਬਣਾਉਣ ਲਈ ਪੰਜਾਬ ਸਰਕਾਰ ਕੋਈ ਕਸਰ ਬਾਕੀ ਨਹੀਂ ਛੱਡੇਗੀ। ਉਨ੍ਹਾਂ ਇਸ ਮੌਕੇ ਹੁਸ਼ਿਆਰਪੁਰ ਵਾਸੀਆਂ ਦਾ ਧੰਨਵਾਦ ਵੀ ਕੀਤਾ, ਜੋ ਬਹੁ ਗਿਣਤੀ ਵਿਚ ਇਸ ਕੈਂਡਲ ਮਾਰਚ ਵਿਚ ਸ਼ਾਮਲ ਹੋਣ ਲਈ ਆਏ।
ਇਹ ਵੀ ਪੜੋੇ:ਹੰਗਾਮੇਦਾਰ ਰਹੇਗਾ ਪੰਜਾਬ ਵਿਧਾਨ ਸਭਾ ਦੂਜਾ ਦਿਨ, CM ਭਗਵੰਤ ਮਾਨ ਖਿਲਾਫ ਕਾਂਗਰਸ ਲਿਆਏਗੀ ਨਿੰਦਾ ਮਤਾ