ਹੁਸ਼ਿਆਰਪੁਰ: ਦੇਸ਼ ਭਰ ਤੋਂ ਜਬਰ ਜ਼ਨਾਹ ਤੇ ਹੈਵਾਨੀਅਤ ਦੀਆਂ ਖ਼ਬਰਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ। ਬੁੱਧਵਾਰ ਨੂੰ ਹੁਸ਼ਿਆਰਪੁਰ ਦੇ ਟਾਂਡਾ ਅਧੀਨ ਪੈਂਦੇ ਪਿੰਡ ਜਲਾਲਪੁਰ 'ਚ ਪ੍ਰਵਾਸੀ ਪਰਿਵਾਰ ਦੀ 6 ਸਾਲਾਂ ਮਾਸੂਮ ਬੱਚੀ ਨੂੰ ਜਬਰ ਜ਼ਨਾਹ ਤੋਂ ਬਾਅਦ ਬੁਰੀ ਤਰੀਕੇ ਨਾਲ ਜਲਾ ਕੇ ਮਾਰ ਦਿੱਤਾ ਗਿਆ। ਇਹ ਪਰਿਵਾਰ ਅਸਲ ਵਿੱਚ ਬਿਹਾਰ ਸੂਬੇ ਦਾ ਰਹਿਣ ਵਾਲਾ ਹੈ ਅਤੇ ਕਈ ਸਾਲਾਂ ਤੋਂ ਦੋਸ਼ੀ ਪਰਿਵਾਰ ਦੇ ਘਰ ਕਿਰਤੀ ਦਾ ਕੰਮ ਕਰ ਰਿਹਾ ਸੀ। ਰੂਹ ਕੰਬਾਹ ਦੇਣ ਵਾਲੀ ਇਸ ਖ਼ਬਰ 'ਤੇ ਹੁਣ ਸਿਆਸਤ ਵੀ ਸ਼ੁਰੂ ਹੋ ਗਈ ਹੈ। ਅੱਜ ਭਾਜਪਾ ਦੇ 2 ਕੇਦਰੀ ਮੰਤਰੀਆਂ ਨਿਰਮਲਾ ਸੀਤਾਰਮਨ ਤੇ ਪ੍ਰਕਾਸ਼ ਜਾਵੜੇਕਰ ਨੇ ਇਸ ਘਟਨਾ ਦੇ ਏਵਜ਼ 'ਚ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ 'ਤੇ ਨਿਸ਼ਾਨੇ ਸਾਧੇ ਹਨ।
ਕੇਂਦਰੀ ਮੰਤਰੀਆਂ ਦੀ ਇਸ ਬਿਆਨਬਾਜ਼ੀ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਕਿੱਥੇ ਚੁੱਪ ਰਹਿਣ ਵਾਲੇ ਸੀ। ਕੇਂਦਰੀ ਮੰਤਰੀਆਂ ਦੇ ਬਿਆਨਾਂ ਨੂੰ ਉਹਨਾਂ ਸਿਆਸੀ ਸਟੰਟ ਕਰਾਰ ਦਿੱਤਾ।
ਟਾਂਡਾ ਕੇਸ ਦੀ ਹੈਵਾਨੀਅਤ ਦੀ ਗੂੰਜ ਕੇਂਦਰ ਤੱਕ ਪਹੁੰਚੀ ਕੈਪਟਨ ਨੇ ਕਿਹਾ ਕਿ ਟਾਂਡਾ ਅਤੇ ਹਾਥਰਸ ਮਾਮਲੇ 'ਚ ਬਹੁਤ ਫਰਕ ਹੈ ਅਤੇ ਇਨ੍ਹਾਂ ਦੋਵਾਂ ਮਾਮਲਿਆਂ ਦੀ ਆਪਸੀ ਤੁਲਨਾ ਨਹੀਂ ਕੀਤੀ ਜਾ ਸਕਦੀ। ਉਨਾਂ ਕਿਹਾ ਕਿ ਹਾਥਰਸ ਮਾਮਲੇ 'ਚ ਭਾਜਪਾ ਸਰਕਾਰ ਨਾ ਸਿਰਫ ਕਾਰਵਾਈ ਕਰਨ 'ਚ ਫੇਲ੍ਹ ਹੋਈ ਬਲਕਿ ਦੋਸੀਂ ਲੋਕਾਂ ਨੂੰ ਬਚਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ।
ਮੁੱਖ ਮੰਤਰੀ ਨੇ ਭਾਜਪਾ ਵੱਲੋਂ ਰਾਹੁਲ ਪ੍ਰਿਯੰਕਾ ਦੇ ਹਾਥਰਸ ਦੌਰੇ ਨੂੰ ਟੂਰ ਦਾ ਨਾਂਅ ਦੇਣ 'ਤੇ ਕਿਹਾ ਕਿ ਇਹ ਭਾਜਪਾ ਦੀ ਦਲਿਤ ਵਿਰੋਧੀ ਤੇ ਮਹਿਲਾਵਾਂ ਵਿਰੋਧੀ ਮਾਨਸਿਕਤਾ ਨੂੰ ਦਰਸਾਉਂਦਾ ਹੈ।
ਇਸ ਤੋਂ ਪਹਿਲਾਂ ਕੈਪਟਨ ਨੇ ਡੀਜੀਪੀ ਪੰਜਾਬ ਦਿਨਕਰ ਗੁਪਤਾ ਨੂੰ ਮਾਮਲੇ ਦੀ ਜਲਦ ਜਾਂਚ ਯਕੀਨੀ ਬਣਾਉਂਣ ਦੇ ਹੁਕਮ ਦਿੰਦਿਆਂ ਅਦਾਲਤ ਤੋਂ ਮਿਸਾਲੀ ਸਜ਼ਾ ਦੀ ਮੰਗ ਕੀਤੀ। ਹਲਾਂਕਿ ਇਸ ਮਾਮਲੇ ਵਿੱਚ ਪੁਲਿਸ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਜੁਰਮ ਕਰਨ ਵਾਲੇ ਇੱਕ ਮੁੰਡੇ ਅਤੇ ਉਸਦੇ ਦਾਦੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅੱਜ ਉਸ ਨੂੰ ਤਿੰਨ ਦਿਨ ਦੇ ਹੋਰ ਰਿਮਾਂਡ 'ਤੇ ਪੁਲਿਸ ਨੇ ਲਿਆ ਹੈ।
ਮਾਮਲਾ ਭਖਦਾ ਵੇਖ ਹੁਣ ਸਾਰੀਆਂ ਸਿਆਸੀ ਪਾਰਟੀਆਂ ਹਰਕਤ 'ਚ ਆ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ MP ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰਕੇ ਇਸ ਸਾਰੇ ਮਾਮਲੇ 'ਤੇ ਦੁੱਖ ਜਤਾਇਆ ਅਤੇ ਸੂਬੇ ਵਿੱਚ ਨਿਆਂ ਵਿਵਸਥਾ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਕੀਤੇ।
ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਵੀ ਇਸ ਮਾਮਲੇ ਨੂੰ ਮੰਦਭਾਗਾ ਦੱਸਿਆ ਅਤੇ ਪੀੜਤ ਪਰਿਵਾਰ ਨਾਲ ਮੁਲਾਕਾਤ ਕਰੇ ਉਹਨਾਂ ਨੂੰ ਇਨਸਾਫ਼ ਦੇਣ ਦਾ ਭਰੋਸਾ ਦਿਵਾਇਆ।
ਜੇਕਰ ਇਸ ਸਾਰੇ ਮਾਮਲੇ 'ਤੇ ਨਜ਼ਰ ਮਾਰੀਏ ਤਾਂ ਪਤਾ ਚਲਦਾ ਹੈ ਕਿ ਟਾਂਡਾ ਦੇ ਜਲਾਲਪੁਰ ਪਿੰਡ 'ਚ 6 ਸਾਲਾਂ ਬੱਚੀ ਨਾਲ ਪਿੰਡ 'ਚ ਹੀ ਰਹਿਣ ਵਾਲੇ ਦਾਦੇ ਪੋਤੇ ਨੇ ਜਬਰ ਜ਼ਨਾਹ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਉਸ ਨੂੰ ਜਿਉਂਦਾ ਹੀ ਸਾੜ ਦਿੱਤਾ। ਬੱਚੀ ਦਾ ਪਰਿਵਾਰ ਮੁਲਜ਼ਮਾਂ ਲਈ ਮੌਤ ਦੀ ਸਜ਼ਾ ਦੀ ਮੰਗ ਕਰ ਰਹੇ ਹਨ।
ਪੀੜ੍ਹਤ ਪਰਿਵਾਰ ਮੂਲ ਰੂਪ 'ਚ ਬਿਹਾਰ ਦਾ ਰਹਿਣ ਵਾਲਾ ਹੈ। ਜੋ ਐਸ ਵੇਲੇ ਚੋਣਾਂ ਦਾ ਅਖਾੜਾ ਬਣਿਆ ਹੋਇਆ ਹੈ ਕਿਉਂ ਕਿ ਬਿਹਾਰ ਵਿੱਚ ਇਸ ਵੇਲੇ ਚੋਣਾਂ ਹੋਣ ਜਾ ਰਹੀਆਂ ਹਨ ਤੇ ਸਿਆਸੀ ਪਾਰਟੀਆਂ, ਬਲਾਤਕਾਰ ਜਾਂ ਹੋਰ ਸੰਵੇਦਨਸ਼ੀਲ ਮਾਮਲਿਆਂ 'ਤੇ ਵੀ ਬਿਆਨਬਾਜ਼ੀ ਕਰ ਰਹੀਆਂ ਹਨ।