ਹੁਸ਼ਿਆਰਪੁਰ: ਕਸਬਾ ਦਸੂਹਾ 'ਚ ਇੱਕ ਠੱਗ ਨੇ ਇੱਕ ਗ਼ਰੀਬ ਪਰਿਵਾਰ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਇਆ। ਮੁਲਜ਼ਮ ਨੇ ਬਜ਼ੁਰਗ ਵਿਅਕਤੀ ਦਾ ਧੋਖੇ ਨਾਲ ਏਟੀਐਮ ਕਾਰਡ ਬਦਲ ਦਿੱਤਾ ਤੇ ਬਜ਼ੁਰਗ ਦੀ ਸਾਰੀ ਜਮਾ ਪੂੰਜੀ ਸਾਫ ਕਰ ਦਿੱਤੀ।
ਏਟੀਐਮ ਠੱਗੀ ਦਾ ਸ਼ਿਕਾਰ ਹੋਇਆ ਬਜ਼ੁਰਗ, ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਚੋਂ ਬਾਹਰ - ਹੁਸ਼ਿਆਰਪੁਰ ਨਿਊਜ਼ ਅਪਡੇਟ
ਹੁਸ਼ਿਆਰਪੁਰ 'ਚ ਇੱਕ ਬਜ਼ੁਰਗ ਵਿਅਕਤੀ ਏਟੀਐਮ ਫਰਾਡ ਦਾ ਸ਼ਿਕਾਰ ਹੋ ਗਿਆ। ਪੀੜਤ ਮੁਤਾਬਕ ਜਦ ਉਹ ਏਟੀਐਮ ਤੋਂ ਰੁਪਏ ਕਢਵਾਉਣ ਰਿਹਾ ਸੀ ਤਾਂ ਧੋਖੇ ਨਾਲ ਇੱਕ ਵਿਅਕਤੀ ਨੇ ਉਸ ਦਾ ਕਾਰਡ ਬਦਲ ਦਿੱਤਾ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਜਾਰੀ ਹੈ ਪਰ ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ।
ਪੀੜਤ ਬਜ਼ੁਰਗ ਵਿਅਕਤੀ ਧਰਮਪਾਲ ਨੇ ਦੱਸਿਆ ਕਿ ਉਹ ਆਪਣੀ ਧੀ ਲਈ ਕਿਤਾਬ ਖਰੀਦਣ ਲਈ ਏਟੀਐਮ ਚੋਂ ਰੁਪਏ ਕਢਵਾਉਣ ਲਈ ਗਿਆ ਸੀ। ਉਥੇ ਇੱਕ ਵਿਅਕੀਤ ਖੜਾ ਸੀ, ਉਸ ਵਿਅਕਤੀ ਨੇ ਧਰਮਪਾਲ ਨੂੰ ਏਟੀਐਮ 'ਚ ਦਿੱਕਤ ਆਉਣ ਦੀ ਗੱਲ ਆਖੀ। ਧਰਮਪਾਲ ਨੇ ਦੱਸਿਆ ਕਿ ਉਸ ਨੂੰ ਪਤਾ ਨਹੀਂ ਲਗਾ ਕਿ ਕਿਸ ਵੇਲੇ ਉਸ ਵਿਅਕਤੀ ਨੇ ਉਸ ਦਾ ਏਟੀਐਮ ਕਾਰਡ ਬਦਲ ਦਿੱਤਾ। ਜਿਵੇਂ ਉਹ ਘਰ ਪੁੱਜਾ ਤਾਂ ਉਸ ਨੂੰ ਅਕਾਉਂਟ ਚੋਂ ਲਗਾਤਾਰ ਰੁਪਏ ਕਢਾਉਣ ਦੇ ਮੈਸੇਜ ਆਉਣ ਲੱਗੇ। ਇਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ, ਪਰ ਛੇ ਮਹੀਨੇ ਬੀਤ ਜਾਣ ਮਗਰੋਂ ਵੀ ਅਜੇ ਤੱਕ ਮੁਲਜ਼ਮ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਪੀੜਤ ਨੇ ਜਲਦ ਤੋਂ ਜਲਦ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਉਸ ਨੇ ਕਿਹਾ ਕਿ ਜੇਕਰ ਪੁਲਿਸ ਜਲਦ ਤੇ ਚੰਗੇ ਤਰੀਕੇ ਨਾਲ ਜਾਂਚ ਕਰਦੀ ਹੈ ਤਾਂ ਉਸ ਨੂੰ ਇਨਸਾਫ ਮਿਲ ਸਕਦਾ ਹੈ।
ਇਸ ਮਾਮਲੇ 'ਚ ਜਦ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਥਾਣਾ ਇੰਚਾਰਜ ਯਾਦਵਿੰਦਰ ਸਿੰਘ ਨੇ ਕਿਹਾ ਉਨ੍ਹਾਂ ਨੇ ਪੀੜਤ ਦੇ ਬਿਆਨਾਂ ਦੇ ਆਧਾਰ 'ਤੇ ਐਫਆਈਆਰ ਦਰਜ ਕਰ ਲਈ ਸੀ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਜਾਂਚ ਜਾਰੀ ਹੈ। ਇਸ ਮਾਮਲੇ 'ਚ ਪੀੜਤ ਦੇ ਖਾਤੇ ਚੋਂ ਇੱਕ ਪੈਟਰੋਲ ਪੰਪ 'ਤੇ ਕੁੱਝ ਰੁਪਇਆਂ ਦੇ ਲੈਣ-ਦੇਣ ਦੀ ਡਿਟੇਲ ਮਿਲੀ ਸੀ, ਜਿਸ ਦੀ ਪੁਲਿਸ ਪੜਤਾਲ ਕਰ ਰਹੀ ਹੈ। ਉਨ੍ਹਾਂ ਜਲਦ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਗੱਲ ਆਖੀ ਹੈ।