ਹੁਸ਼ਿਆਰਪੁਰ : ਪੰਜਾਬ ਵਿੱਚ ਅਗਲੇ ਸਾਲ ਦੇ ਸ਼ੁਰੂ ਵਿੱਚ ਹੀ ਵਿਧਾਨ ਸਭਾ ਚੋਣਾਂ (Assembly elections) ਹੋਣ ਜਾ ਰਹੀਆਂ ਹਨ ਤੇ ਇਸੇ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਵੀ ਤਿਆਰੀਆਂ ਜ਼ੋਰਾਂ ’ਤੇ ਸ਼ੁਰੂ ਕੀਤੀਆਂ ਹੋਈਆਂ ਹਨ। ਉੱਥੇ ਹੀ ਈਟੀਵੀ ਭਾਰਤ ਵੱਲੋਂ ਵੀ ਹਰ ਹਲਕੇ ਦੇ ਪਿੰਡ-ਪਿੰਡ ਜਾ ਕੇ ਲੋਕਾਂ ਦੀ ਰਾਏ ਲਈ ਜਾ ਰਹੀ ਹੈ ਕਿ ਉਹਨਾਂ ਦੇ ਪਿੰਡ ਤੇ ਹਲਕੇ ਦਾ ਕੀ ਵਿਕਾਸ ਹੋਇਆ ਹੈ ਤੇ ਕੀ ਬਾਕੀ ਹੈ। ਅੱਜ ਤੁਹਾਨੂੰ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਦੇ ਪਿੰਡ ਬਸੀ ਪੁਰਾਣੀ ਲੈ ਕੇ ਜਾਂਦੇ ਹਾਂ, ਜਿਥੇ ਤੁਸੀਂ ਖੁਦ ਸੁਣ ਲਵੋ ਕਿ ਪਿੰਡ ਦੇ ਲੋਕਾਂ ਦਾ ਵਿਧਾਇਕ ਸਬੰਧੀ ਕੀ ਰਿਪੋਰਟ ਕਾਰਡ ਪੇਸ਼ ਕੀਤਾ ਗਿਆ ਹੈ।
ਵਿਧਾਨ ਸਭਾ ਹਲਕਾ ਹੁਸ਼ਿਆਰਪੁਰ (Hoshiarpur Assembly constituency)
ਹੁਸ਼ਿਆਰਪੁਰ ਹਲਕੇ ਦੇ ਪਿੰਡ ਬਸੀ ਪੁਰਾਣੀ 'ਚ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਲੋਕਾਂ ਨੇ ਸਰਕਾਰ ਵਲੋਂ ਪਿੰਡ 'ਚ ਕਰਵਾਏ ਕਿਵਾਸ ਕੰਮਾਂ ਤੇ ਸੰਤੁਸ਼ਟੀ ਪ੍ਰਗਟਾਈ। ਉਨ੍ਹਾਂ ਦਾ ਕਹਿਣਾ ਕਿ ਹਲਕਾ ਵਿਧਾਇਕ ਵਲੋਂ ਉਨ੍ਹਾਂ ਦੇ ਹਰ ਕੰਮ ਨੂੰ ਕਰਵਾਇਆ ਗਿਆ ਹੈ। ਇਸ ਲਈ ਕੁਝ ਵਿਕਾਸ ਕਾਰਜ ਹੋ ਚੁੱਕੇ ਹਨ ਅਤੇ ਕੁਝ ਦਾ ਕੰਮ ਜਾਰੀ ਹੈ।
ਪਿੰਡ ਦੇ ਵੋਟਰਾਂ ਦੀ ਗਿਣਤੀ
ਪਿੰਡ ਬਸੀ ਪੁਰਾਣੀ 'ਚ ਕੁੱਲ 360 ਵੋਟਰ ਹਨ ਜਿਨ੍ਹਾਂ 'ਚ 120 ਮਹਿਲਾਵਾਂ ਅਤੇ ਬਾਕੀ 240 ਪੁਰਸ਼ ਵੋਟਰ ਹਨ ਅਤੇ ਇਸ ਦੇ ਨਾਲ ਹੀ 25 ਵੋਟਾਂ ਨਵੀਆਂ ਬਣੀਆਂ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਸਰਕਾਰ ਵਲੋਂ ਰਿਕਾਰਡ ਤੋੜ ਕੰਮ ਇਸ ਪਿੰਡ 'ਚ ਕਰਵਾਏ ਗਏ ਹਨ 'ਤੇ ਪਿੰਡ 'ਚ ਗਲੀਆਂ ਅਤੇ ਸੀਵਰੇਜ ਦੀ ਕੋਈ ਵੀ ਦਿੱਕਤ ਨਹੀਂ ਹੈ।
ਕਈ ਵਾਰ ਵਿਧਾਇਕ ਆ ਚੁੱਕੇ ਪਿੰਡ
ਪਿੰਡ ਵਾਸੀਆਂ ਨੇ ਕਿਹਾ ਕਿ ਸਮੇਂ-ਸਮੇਂ 'ਤੇ ਮੌਜੂਦਾ ਵਿਧਾਇਕ ਸੁੰਦਰ ਸ਼ਾਮ ਅਰੋੜਾ ਵੀ ਪਿੰਡ ਦਾ ਦੌਰਾ ਕਰਕੇ ਪਿੰਡ ਵਾਸੀਆਂ ਨਾਲ ਰੂਬਰੂ ਹੁੰਦੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਪਿੰਡ 'ਚ ਨਸ਼ੇ ਦੀ ਵੀ ਕੋਈ ਗੱਲ ਨਹੀਂ ਹੈ ਤੇ ਸਾਰਾ ਪਿੰਡ ਸਾਫ ਸੁਥਰਾ ਹੈ। ਪਿੰਡ ਦੇ ਪੰਚਾਇਤ ਚ ਜ਼ਿਆਦਾਤਰ ਮਹਿਲਾਵਾਂ ਹਨ।
'ਪਹਿਲੇ ਵਿਧਾਇਕਾਂ ਨੇ ਨਹੀਂ ਲਈ ਸਾਰ'
ਇਹ ਪਿੰਡ ਹੁਸ਼ਿਆਰਪੁਰ ਸ਼ਹਿਰ ਤੋਂ ਮਹਿਜ਼ ਤਿੰਨ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਪਿੰਡ ਵਾਸੀਆਂ ਮੁਤਾਬਿਕ ਕਾਂਗਰਸੀ ਵਿਧਾਇਕ ਅਤੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਵੱਲੋਂ ਵੀ ਅੱਜ ਤੱਕ ਪਿੰਡ 'ਚ ਵਿਕਾਸ ਕਾਰਜ ਕਰਵਾਏ ਗਏ ਹਨ ਤੇ ਉਨ੍ਹਾਂ ਤੋਂ ਪਹਿਲਾਂ ਜਿੰਨੀਆਂ ਵੀ ਇੱਥੇ ਸਰਕਾਰਾਂ ਰਹੀਆਂ ਨੇ ਕਿਸੇ ਵੱਲੋਂ ਵੀ ਪਿੰਡ ਦੀ ਕੋਈ ਸਾਰ ਨਹੀਂ ਲਈ ਗਈ ਸੀ।