ਗੁਰਦਾਸਪੁਰ: ਅਜ਼ਾਦੀ ਦੇ 75 ਸਾਲ ਬੀਤ ਜਾਣ ਦੇ ਬਾਅਦ ਵੀ ਦੇਸ਼ ਦੇ ਕੁੱਝ ਅਜਿਹੇ ਪਿੰਡ ਹਨ, ਜੋ ਬਰਸਾਤਾਂ ਦੇ ਦਿਨਾਂ ਵਿੱਚ ਟਾਪੂ ਬੰਨ ਕੇ ਰਹਿ ਜਾਂਦੇ ਹਨ। ਅਤੇ ਉਨ੍ਹਾਂ ਦਾ ਸਪੰਰਕ ਦੇਸ਼ ਦੇ ਹੋਰ ਭਾਗਾਂ ਨਾਲੋਂ ਟੁੱਟ ਜਾਂਦਾ ਹੈ। ਅਜਿਹੇ ਪਿੰਡਾਂ ਲਈ ਦੇਸ਼ ਦੀ ਅਜ਼ਾਦੀ ਅੱਜ ਵੀ ਕੋਈ ਮਾਇਨੇ ਨਹੀ ਰੱਖਦੀ, ਪਰ ਮੌਜੂਦਾ ਕੇਂਦਰ ਦੀ ਬੀਜੇਪੀ ਸਰਕਾਰ ਤੇ ਹਲਕੇ ਦੇ ਬੀਜੇਪੀ ਸਾਸਦ ਸਨੀ ਦਿਓਲ ਨੇ ਇਨ੍ਹਾਂ ਅਜਿਹੇ ਨਰਕ ਭਰੀ ਜ਼ਿੰਦਗੀ ਜਿਉਣ ਵਾਲੇ 8 ਪਿੰਡਾਂ ਦੇ ਲੋਕਾਂ ਨੂੰ ਬਹੁਤ ਵੱਡੀ ਸੌਗਾਤ ਦਿੱਤੀ ਹੈ।
ਆਜ਼ਾਦੀ ਦੇ 75 ਸਾਲ ਬਾਅਦ ਇਨ੍ਹਾਂ ਲੋਕਾਂ ਦਾ ਸਹਾਰਾ ਬਣੇ ਸੰਨੀ ਦਿਓਲ ਨੇ ਕੇਂਦਰੀ ਮੰਤਰੀ ਨਿਤੀਨ ਗਡਕਰੀ ਨਾਲ ਮੁਲਾਕਾਤ ਕਰਕੇ ਰਾਵੀ ਦਰਿਆ ‘ਤੇ ਬਣੇ ਕੱਚੇ ਪੁੱਲ ਨੂੰ ਪੱਕਾ ਬਣਾਉਣ ਦੀ ਮਨਜ਼ੂਰੀ ਲੈ ਲਈ ਹੈ। ਜਿਸ ਲਈ ਕੇਂਦਰ ਸਰਕਾਰ ਵੱਲੋਂ 100 ਕਰੋੜ ਦੀ ਰਾਸ਼ੀ ਵੀ ਜਾਰੀ ਕਰ ਦਿੱਤੀ ਗਈ ਹੈ। ਜਿਸ ਤੋਂ ਬਾਅਦ ਭਾਜਪਾ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਹੈ, ਇਸ ਮੌਕੇ ਭਾਜਪਾ ਆਗੂਆਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ।