ਗੁਰਦਾਸਪੁਰ: ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇ ਵਾਲਾ ਦੇ ਹੋਏ ਕਤਲ ਮਾਮਲੇ ਤੋਂ ਬਾਅਦ ਪੰਜਾਬ ਸਰਕਾਰ ਲਗਾਤਾਰ ਘੇਰਦੀ ਹੋਈ ਦਿਖਾਈ ਦੇ ਰਹੀ ਹੈ। ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਵੀ ਕਈ ਵਾਰ ਕਹਿ ਚੁੱਕੇ ਹਨ ਕਿ ਉਹਨਾਂ ਨੂੰ ਇਨਸਾਫ਼ ਮਿਲਦਾ ਦਿਖਾਈ ਨਹੀਂ ਦੇ ਰਿਹਾ ਅੱਤੇ ਗੈਂਗਸਟਰ ਦੀਪਕ ਟੀਨੂੰ ਦੇ ਫਰਾਰ ਹੋਣ ਦੇ ਪਿੱਛੇ ਵੀ ਸਾਜਿਸ਼ ਦੱਸੀ ਜਾ ਰਹੀਂ ਹੈ। ਉੱਥੇ ਹੀ ਦੂਜੇ ਪਾਸੇ ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਗੁਰਦਾਸਪੁਰ ਵਿਖੇ ਪਹੁੰਚੇ।
ਗੁਰਦਾਸਪੁਰ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਘੇਰਿਆ। ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੇ ਗੈਂਗਸਟਰਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ। ਉਨ੍ਹਾਂ ਨੇ ਕਿਹਾ ਕਿ ਤਿਹਾੜ ਜੇਲ੍ਹ ਵਿਚ ਬੰਦ ਗੈਂਗਸਟਰ ਕੇਜਰੀਵਾਲ ਦੇ ਗੁੰਡੇ ਹਨ ਇਸ ਕਰਕੇ ਪੰਜਾਬ ਦੇ ਵਿੱਚ ਗੈਂਗਵਾਰ ਅਤੇ ਗੋਲੀਆਂ ਚਲਣਾ ਆਮ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਤਿਹਾੜ ਜੇਲ੍ਹ ਦਾ ਡੀਜੀਪੀ ਇਨ੍ਹਾਂ ਗੈਂਗਸਟਰਾਂ ਨੂੰ ਪਾਲ ਰਿਹਾ ਹੈ ਅਤੇ ਚੋਣਾਂ ਦੌਰਾਨ ਵੀ ਤਿਹਾੜ ਜੇਲ੍ਹ ਵਿੱਚ ਬੰਦ ਗੈਂਗਸਟਰਾਂ ਨੇ ਉਨ੍ਹਾਂ ਦੇ ਹਲਕੇ ਦੇ ਲੋਕਾਂ ਨੂੰ ਫ਼ੋਨ ਕਰ ਧਮਕਾਇਆ ਅਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ ਜਿਸਦੀ ਸੂਚਨਾ ਉਨ੍ਹਾਂ ਨੇ ਤਿਹਾੜ ਜੇਲ੍ਹ ਦੇ ਡੀਜੀਪੀ ਨੂੰ ਦਿੱਤੀ ਸੀ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਜੇਕਰ ਪੰਜਾਬ ਦੇ ਵਿੱਚੋਂ ਗੈਂਗਸਟਰ ਨੂੰ ਖਤਮ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਤਿਹਾੜ ਜੇਲ੍ਹ ਦੇ ਡੀਜੀਪੀ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਉਸ ਦੇ ਉੱਪਰ ਮਾਮਲਾ ਦਰਜ ਕੀਤਾ ਜਾਵੇ।
ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਵੱਡਾ ਬਿਆਨ ਉਨ੍ਹਾਂ ਅੱਗੇ ਕਿਹਾ ਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਨਾਮਜ਼ਦ ਮਨਪ੍ਰੀਤ ਮੰਨਾ ਕੋਲੋਂ ਫ਼ਿਰੋਜ਼ਪੁਰ ਦੀ ਜੇਲ੍ਹ ਵਿੱਚ 2 ਮੋਬਾਇਲ ਫ਼ੋਨ ਮਿਲੇ ਹਨ ਜਦਕਿ ਫ਼ਿਰੋਜ਼ਪੁਰ ਜੇਲ੍ਹ ਵਿੱਚ ਕੋਈ ਪਰਿੰਦਾ ਪਰ ਨਹੀਂ ਮਾਰ ਸਕਦਾ ਪਰ ਗੈਂਗਸਟਰਾਂ ਕੋਲੋਂ ਮੋਬਾਈਲ ਫ਼ੋਨ ਮਿਲਣਾ ਅਤੇ ਗੈਂਗਸਟਰਾਂ ਦਾ ਭੱਜ ਜਾਣਾ ਇਹ ਪੰਜਾਬ ਸਰਕਾਰ ਦੀ ਮਿਲੀਭੁਗਤ ਹੈ। ਉਨ੍ਹਾਂ ਕਿਹਾ ਕਿ ਇਸ ਲਈ ਹੀ ਸਿੱਧੂ ਮੂਸੇ ਵਾਲ਼ਾ ਦਾ ਪਰਿਵਾਰ ਕਹਿ ਰਿਹਾ ਹੈ ਕਿ ਉਨ੍ਹਾਂ ਨੂੰ ਇਸ ਸਰਕਾਰ ਵਿਚ ਇਨਸਾਫ ਨਹੀਂ ਮਿਲ ਰਿਹਾ।
ਇਹ ਵੀ ਪੜੋ:ਅਗਲੇ ਪੰਜ ਦਿਨਾਂ ਤੱਕ ਪੰਜਾਬ ਦੇ ਡੀ ਸੀ ਦਫਤਰਾਂ ਵਿੱਚ ਨਹੀਂ ਹੋਵੇਗਾ ਕੰਮ, ਮੁਲਾਜ਼ਮਾਂ ਨੇ ਕੀਤੀ ਹੜਤਾਲ