ਗੁਰਦਾਸਪੁਰ: ਅੰਨ੍ਹਾ ਵੰਡੇ ਰੋੜਿਆਂ ਮੁੜ-ਮੁੜ ਆਪਣਿਆਂ ਨੂੰ। ਪੰਜਾਬੀ ਦੀ ਇਹ ਕਹਾਵਤ ਕਾਂਗਰਸ ਸਰਕਾਰ 'ਤੇ ਪੂਰੀ ਤਰ੍ਹਾਂ ਢੁਕਵੀਂ ਬੈਠਦੀ ਹੈ। ਕਾਂਗਰਸ ਸਰਕਾਰ 'ਚ ਪਰਿਵਾਰ ਵਾਦ ਪੂਰੀ ਤਰ੍ਹਾਂ ਜ਼ੋਰ ਫੜ ਰਿਹਾ ਹੈ। ਚੋਣਾਂ ਤੋਂ ਪਹਿਲਾ ਕਾਂਗਰਸ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਸੀ ਕਿ ਪਾਰਟੀ ਨਾਲ ਜੁੜੇ ਕਿਸੀ ਵੀ ਵਿਅਕਤੀ ਦੇ ਪਰਿਵਾਰ ਨੂੰ ਇੱਕ ਅਹੁਦੇ ਤੋਂ ਜ਼ਿਆਦਾ ਜਾਂ ਚੇਅਰਮੈਨੀ ਨਹੀਂ ਦਿੱਤੀ ਜਾਵੇਗੀ। ਪਰ ਕਾਂਗਰਸ ਆਪਣੀ ਹੀ ਇਸ ਗੱਲ ਤੋਂ ਚੋਣਾਂ ਤੋਂ ਬਾਅਦ ਮੁਕਰਦੀ ਹੋਈ ਨਜ਼ਰ ਆ ਰਹੀ ਹੈ। ਪਟਿਆਲੇ ਤੋਂ ਪ੍ਰਨੀਤ ਕੌਰ ਨੂੰ ਸੰਸਦ ਮੈਂਬਰ ਦੀ ਟਿਕਟ ਦਿੱਤੀ ਗਈ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਹੁਦੇ 'ਤੇ ਮੌਜੂਦ ਹੋਣ ਤੋਂ ਬਾਅਦ ਵੀ ਪਰਨੀਤ ਕੌਰ ਪਟਿਆਲਾ ਤੋਂ ਸਾਂਸਦ ਹੈ।
ਕਾਂਗਰਸ ਦੇ ਇਸ ਪਰਿਵਾਰ ਵਾਦ 'ਚ ਇੱਕ ਨਾਂਅ ਹੋਰ ਜੁੜ ਗਿਆ ਹੈ, ਕੈਪਟਨ ਸਰਕਾਰ ਦੇ ਵਜ਼ੀਰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਪੁੱਤਰ ਰਵੀਨੰਦਨ ਸਿੰਘ ਬਾਜਵਾ ਨੂੰ ਜ਼ਿਲ੍ਹਾ ਪ੍ਰੀਸ਼ਦ ਗੁਰਦਾਸਪੁਰ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਇਸ ਤੋਂ ਇਲਾਵਾ ਆਸ਼ਾ ਰਾਣੀ ਨੂੰ ਵਾਈਸ ਚੇਅਰਮੈਨ ਬਣਾਇਆ ਗਿਆ ਹੈ। ਆਸ਼ਾ ਰਾਣੀ ਕੈਬਿਨੇਟ ਮੰਤਰੀ ਅਰੁਣਾ ਚੌਧਰੀ ਦੀ ਕਰੀਬੀ ਹੈ, ਜਿਸ ਕਾਰਨ ਉਨ੍ਹਾਂ ਨੂੰ ਵਾਈਸ ਚੇਅਰਮੈਨ ਦਾ ਅਹੁਦਾ ਦਿੱਤਾ ਗਿਆ ਹੈ।