ਗੁਰਦਾਸਪੁਰ: ਪੰਜਾਬ ਦੇ ਨੌਜਵਾਨ ਆਪਣੀ ਰੋਜ਼ੀ ਰੋਟੀ ਕਮਾਉਣ ਅਤੇ ਆਪਣੇ ਚੰਗੇ ਭੱਵਿਖ ਲਈ ਵਿਦੇਸ਼ਾਂ 'ਚ ਜਾਣਾ ਚਾਹੁੰਦੇ ਹਨ। ਉਹ ਟਰੈਵਲ ਏਜੰਟਾਂ ਵੱਲੋਂ ਵਿਖਾਏ ਜਾਣ ਵਾਲੇ ਸਬਜ਼ਬਾਗਾਂ ਉੱਤੇ ਯਕੀਨ ਕਰ ਲੈਂਦੇ ਹਨ ਪਰ ਬਾਅਦ 'ਚ ਉਨ੍ਹਾਂ ਨੂੰ ਧੋਖੇ ਦਾ ਸ਼ਿਕਾਰ ਹੋਣਾ ਪੈਂਦਾ ਹੈ। ਅਜਿਹਾ ਹੀ ਮਾਮਲਾ ਬਟਾਲਾ ਦੇ ਪਿੰਡ ਠੀਕਰੀਵਾਲਾ ਗੋਰਾਇਆ ਤੋਂ ਸਾਹਮਣੇ ਆਇਆ ਹੈ।
ਵਿਦੇਸ਼ਾਂ 'ਚ ਜਾਣ ਵਾਲੇ ਰਹੋ ਸਾਵਧਾਨ, ਵੇਖੋ ਕਿਵੇਂ ਦੁਬਈ ਦੀਆਂ ਸੜਕਾਂ 'ਤੇ ਰੁਲ ਰਹੇ ਪੰਜਾਬੀ ਬਟਾਲਾ ਦੇ ਪਿੰਡ ਠੀਕਰੀਵਾਲਾ ਗੋਰਾਇਆ ਤੋਂ ਗੁਰਦੀਪ ਸਿੰਘ ਨਾਂਅ ਦਾ ਇੱਕ ਨੌਜਵਾਨ ਡੇਢ ਕੁ ਸਾਲ ਪਹਿਲਾਂ ਵਰਕ ਪਰਮਿਟ 'ਤੇ ਦੁਬਈ ਗਿਆ ਸੀ, ਪਰ ਟਰੈਵਲ ਏਜੰਟ ਨੇ ਉਸ ਨਾਲ ਧੋਖਾ ਕੀਤਾ ਤੇ ਉਸ ਨੂੰ ਵਰਕ ਪਰਮਿਟ ਦੀ ਥਾਂ ਟੂਰਿਸਟ ਵੀਜ਼ਾ ਦੇ ਕੇ ਉੱਥੇ ਭੇਜਿਆ। ਮੌਜੂਦਾ ਸਮੇਂ 'ਚ ਗੁਰਦੀਪ ਤੇ ਉਸ ਦਾ ਇੱਕ ਸਾਥੀ ਇੱਥੇ ਮਾੜੇ ਹਲਾਤਾਂ 'ਚ ਰਹਿਣ ਲਈ ਮਜਬੂਰ ਹਨ। ਉਨ੍ਹਾਂ ਕੋਲ ਨਾ ਤਾਂ ਰੋਜ਼ੀ ਰੋਟੀ ਕਮਾਉਣ ਦਾ ਕੋਈ ਸਾਧਨ ਹੈ ਤੇ ਨਾ ਹੀ ਘਰ ਪਰਤਨ ਲਈ ਕੋਈ ਰਾਹ। ਅਜਿਹੇ ਹਲਾਤਾਂ 'ਚ ਰਹਿੰਦਾ ਵੇਖ ਦੁਬਈ ਦੇ ਕੁੱਝ ਨੌਜਵਾਨਾਂ ਨੇ ਉਨ੍ਹਾਂ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉੱਤੇ ਵਾਇਰਲ ਕੀਤੀ। ਨੌਜਵਾਨਾਂ ਨੇ ਉਨ੍ਹਾਂ ਦੀ ਵੀਡੀਓ ਬਣਾ ਕੇ ਪਰਿਵਾਰ ਕੋਲ ਪਹੁੰਚਾਉਣ ਦੀ ਅਪੀਲ ਕੀਤੀ ਸੀ ਤਾਂ ਜੋ ਇਨ੍ਹਾਂ ਨੂੰ ਭਾਰਤ ਭੇਜਿਆ ਜਾ ਸਕੇ। ਗੁਰਦੀਪ ਦੇ ਨਾਲ ਵੀਡੀਓ 'ਚ ਵਿਖਾਈ ਦੇਣ ਵਾਲਾ ਦੂਜਾ ਵਿਅਕਤੀ ਕਪੂਰਥਲਾ ਦਾ ਵਸਨੀਕ ਹੈ।
ਪਿੰਡ ਦੇ ਕੁੱਝ ਲੋਕਾਂ ਨੇ ਜਦ ਗੁਰਦੀਪ ਸਿੰਘ ਦੀ ਇਹ ਵੀਡੀਓ ਵੇਖੀ ਤਾਂ ਉਨ੍ਹਾਂ ਨੇ ਇਹ ਸੂਚਨਾ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ। ਪਰਿਵਾਰਕ ਮੈਂਬਰਾਂ ਨੇ ਜਦ ਗੁਰਦੀਪ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵੇਖੀ ਤਾਂ ਉਹ ਹੈਰਾਨ ਰਹਿ ਗਏ। ਕਿਉਂਕਿ ਅਜੇ ਤੱਕ ਉਹ ਗੁਰਦੀਪ ਦੇ ਇਨ੍ਹਾਂ ਹਲਾਤਾਂ ਤੋਂ ਅਣਜਾਣ ਸਨ। ਇਸ ਬਾਰੇ ਗੁਰਦੀਪ ਦੀ ਮਾਂ ਲਖਵਿੰਦਰ ਕੌਰ ਨੇ ਦੱਸਿਆ ਕਿ ਗੁਰਦੀਪ ਨੇ ਕਦੇ ਵੀ ਉਨ੍ਹਾਂ ਨੂੰ ਆਪਣੇ ਹਲਾਤਾਂ ਬਾਰੇ ਨਹੀਂ ਦੱਸਿਆ। ਉਹ ਹਮੇਸ਼ਾਂ ਹੀ ਕਹਿੰਦਾ ਕਿ ਉਹ ਠੀਕ ਹੈ। ਡੇਢ ਸਾਲ ਪਹਿਲਾਂ ਗਏ ਗੁਰਦੀਪ ਦੀ ਅਜਿਹੀ ਹਾਲਤ ਵੇਖ ਕੇ ਪਰਿਵਾਰਕ ਮੈਂਬਰ ਪਰੇਸ਼ਾਨ ਹਨ , ਉਨ੍ਹਾਂ ਕਿਹਾ ਕਿ ਉਹ ਇਸ ਗੱਲ 'ਤੇ ਯਕੀਨ ਨਹੀਂ ਕਰ ਪਾ ਰਹੇ ਕਿ ਉਨ੍ਹਾਂ ਦਾ ਪੁੱਤਰ ਇਨ੍ਹੇ ਮਾੜੇ ਹਲਾਤਾਂ 'ਚ ਉੱਥੇ ਰਹਿ ਰਿਹਾ ਹੈ।
ਗੁਰਦੀਪ ਦੇ ਚਾਚਾ ਮੰਗਲ ਸਿੰਘ ਨੇ ਆਖਿਆ ਕਿ ਗੁਰਦੀਪ ਆਪਣੇ ਘਰ 'ਚ ਸਭ ਤੋਂ ਵੱਧ ਪੜ੍ਹਿਆ ਲਿੱਖਿਆ ਵਿਅਕਤੀ ਹੈ। ਉਹ ਡੇਢ ਸਾਲ ਪਹਿਲਾਂ ਏਜੰਟ ਰਾਹੀਂ 2 ਸਾਲ ਦੇ ਵਰਕ ਪਰਮਿਟ ਉੱਤੇ ਦੁਬਈ ਗਿਆ ਸੀ, ਪਰ ਉੱਥੇ ਜਾ ਕੇ ਉਸ ਏਜੰਟ ਵੱਲੋਂ ਧੋਖਾ ਦਿੱਤੇ ਜਾਣ ਬਾਰੇ ਪਤਾ ਲਗਾ। ਉਨ੍ਹਾਂ ਨੇ ਏਜੰਟ ਨੂੰ 2 ਸਾਲ ਦੇ ਵਰਕ ਪਰਮਿਟ 'ਤੇ ਵੀਜ਼ਾ ਲਵਾਉਣ ਲਈ ਕਿਹਾ ਸੀ, ਪਰ ਏਜੰਟ ਨੇ ਮਹਿਜ਼ ਤਿੰਨ ਮਹੀਨੇ ਦਾ ਟੂਰਿਸਟ ਵੀਜ਼ਾ ਲਵਾ ਦਿੱਤਾ। ਇੱਕ ਦੋ ਵਾਰ ਗੁਰਦੀਪ ਨੇ ਪਰਿਵਾਰ ਕੋਲੋਂ ਪੈਸੇ ਦੀ ਮਦਦ ਮੰਗੀ ਸੀ। ਮੰਗਲ ਸਿੰਘ ਨੇ ਦੱਸਿਆ ਕਿ ਗੁਰਦੀਪ ਦੇ ਪਿਤਾ ਪਿਛਲੇ ਦੋ ਸਾਲਾਂ ਤੋਂ ਗੁਰਦੇ ਦੀ ਬਿਮਾਰੀ ਤੋਂ ਪੀੜਤ ਹਨ, ਜਿਸ ਦੇ ਚਲਦੇ ਗੁਰਦੀਪ ਨੇ ਵਿਦੇਸ਼ ਜਾ ਕੇ ਕਮਾਈ ਕਰਨ ਦਾ ਫੈਸਲਾ ਲਿਆ ਸੀ। ਉਨ੍ਹਾਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੋਂ ਗੁਰਦੀਪ ਨੂੰ ਮੁੜ ਪੰਜਾਬ ਲਿਆਉਣ ਲਈ ਮਦਦ ਦੀ ਗੁਹਾਰ ਲਗਾਈ ਹੈ। ਇਸ ਤੋਂ ਇਲਾਵਾ ਉਨ੍ਹਾਂ ਧੋਖੇਬਾਜ਼ ਏਜੰਟ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।