ਗੁਰਦਾਸਪੁਰ: ਸ਼ਹਿਰ ਦੇ ਸਰਕਾਰੀ ਹਸਪਤਾਲ 'ਚ ਸਮੇਂ ਸਿਰ ਇਲਾਜ ਨਾ ਹੋਣ ਦੇ ਚਲਦੇ ਇੱਕ ਮਰੀਜ਼ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਇਥੋਂ ਦੇ ਡਾਕਟਰਾਂ ਉੱਤੇ ਅਣਗਹਿਲੀ ਕਰਨ ਦੇ ਦੋਸ਼ ਲਾਏ ਹਨ।
ਮ੍ਰਿਤਕ ਮਰੀਜ਼ ਦੀ ਪਛਾਣ ਪਿੰਡ ਤਿਬੜ ਦੇ ਵਸਨੀਕ, ਜੋਗਿੰਦਰਪਾਲ ਵਜੋਂ ਹੋਈ ਹੈ। ਮ੍ਰਿਤਕ ਦੀ ਪਤਨੀ ਅਤੇ ਬੇਟੀ ਨੇ ਦੱਸਿਆ ਕਿ ਜੋਗਿੰਦਰ ਦੇ ਢਿੱਡ ਵਿੱਚ ਤੇਜ਼ ਦਰਦ ਹੋਣ 'ਤੇ ਇਲਾਜ ਲਈ ਹਸਪਤਾਲ ਲਿਆਂਦਾ ਗਿਆ। ਇਥੇ ਪਹਿਲਾਂ ਡਾਕਟਰਾਂ ਵੱਲੋਂ ਪਰਚੀ ਕਟਵਾਉਣ ਅਤੇ ਹਸਪਤਾਲ ਤੋਂ ਬਾਹਰ ਸਕੈਨਿੰਗ ਕਰਵਾਉਣ ਲਈ ਕਿਹਾ ਗਿਆ।
ਡਾਕਟਰਾਂ ਵੱਲੋਂ ਕੋਰੋਨਾ ਟੈਸਟ ਦੀ ਜਿੱਦ ਨੇ ਲਈ ਮਰੀਜ਼ ਦੀ ਜਾਨ, ਪਰਿਵਾਰ ਨੇ ਕੀਤਾ ਹੰਗਾਮਾ ਉਹ ਸਕੈਨਿੰਗ ਆਦਿ ਕਰਵਾ ਕੇ ਆਏ ਤਾਂ ਡਾਕਟਰ ਨੇ ਉਸ ਦਾ ਇਲਾਜ ਸ਼ੁਰੂ ਕਰਨ ਦੀ ਬਜਾਏ ਜਬਰਨ ਪਰਚੀ ਕਟਵਾ ਕੇ ਕੋਰੋਨਾ ਟੈਸਟ ਕਰਵਾਉਣ ਦੀ ਜਿੱਦ ਕਰਨ ਲੱਗੇ। ਪਰਿਵਾਰਕ ਮੈਂਬਰਾਂ ਮੁਤਾਬਕ ਬਾਥਰੂਮ ਰੁਕਣ ਕਾਰਨ ਜੋਗਿੰਦਰ ਦੇ ਢਿੱਡ ਵਿੱਚ ਤੇਜ਼ ਦਰਦ ਹੋ ਰਿਹਾ ਸੀ, ਵਾਰ-ਵਾਰ ਇਲਾਜ ਸ਼ੁਰੂ ਕਰਨ ਲਈ ਕਹਿਣ ਦੇ ਬਾਵਜੂਦ ਡਾਕਟਰ ਆਪਣੀ ਜਿੱਦ ਉੱਤੇ ਅੜੇ ਰਹੇ। ਇਸ ਕਾਰਨ ਬਾਅਦ 'ਚ ਮਰੀਜ਼ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਨੇ ਹਸਪਤਾਲ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਹੰਗਾਮਾ ਕੀਤਾ। ਉਨ੍ਹਾਂ ਪੁਲਿਸ ਤੋਂ ਇਸ ਮਾਮਲੇ 'ਚ ਡਾਕਟਰਾਂ ਤੇ ਹਸਪਤਾਲ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਉਥੇ ਹੀ ਦੂਜੇ ਪਾਸੇ ਜਦ ਇਸ ਸਬੰਧੀ ਹਸਪਤਾਲ ਦੀ ਐਸਐਮਓ ਡਾ.ਚੇਤਨਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਹਸਪਤਾਲ ਵੱਲੋਂ ਕੋਈ ਅਣਗਹਿਲੀ ਨਹੀਂ ਕੀਤੀ ਗਈ ਹੈ। ਜਦ ਮਰੀਜ਼ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਸ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਤੇ ਮ੍ਰਿਤਕ ਮਰੀਜ਼ ਦੇ ਪਰਿਵਾਰ ਨੂੰ ਕਿਸੇ ਨੇ ਵੀ ਪਰਚੀ ਕਟਵਾਉਣ ਲਈ ਨਹੀਂ ਕਿਹਾ। ਉਨ੍ਹਾਂ ਦੱਸਿਆ ਕਿ ਕੋਰੋਨਾ ਦੇ ਮਰੀਜ਼ਾਂ ਲਈ ਵੱਖਰਾ ਵਾਰਡ ਬਣਾਇਆ ਗਿਆ ਹੈ।