ਗੁਰਦਾਸਪੁਰ:ਇੱਕ ਪਾਸੇ ਜਿੱਥੇ ਟੋਕਿਓ ੳਲੰਪਿਕ ਵਿਚ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵਲੋ ਵੱਡੇ ਇਨਾਮਾਂ ਨਾਲ ਨਵਾਜ਼ਿਆ ਜਾ ਰਿਹਾ ਹੈ, ਓਥੇ ਹੀ ਦੂਜੇ ਪਾਸੇ ਦੇਸ਼ 'ਚ ਆਗਮੀ ਖੇਡਾਂ ਲਈ ਹੋ ਰਹੇ ਖਿਡਾਰੀ ਲੋੜੀਂਦਾ ਸਹੂਲਤਾਂ ਲਈ ਵੀ ਤਰਸਦੇ ਨਜਰ ਆ ਰਹੇ ਹਨ। ਅਜਿਹਾ ਹੀ ਮਾਮਲਾ ਬਟਾਲਾ ਦੇ ਨੇੜਲੇ ਪਿੰਡ ਪ੍ਰਤਾਪਗੜ੍ਹ ਤੋਂ ਸਾਹਮਣੇ ਆਇਆ ਹੈ।
ਨੈਸ਼ਨਲ ਖਿਡਾਰਨ ਮਾੜੇ ਹਲਾਤਾਂ ’ਚ ਰਹਿਣ ਲਈ ਮਜਬੂਰ ਇਥੋਂ ਦੀ ਰਹਿਣ ਵਾਲੀ ਨੈਸ਼ਨਲ ਖਿਡਾਰਨ ਨਵਦੀਪ ਕੌਰ ਜੋ ਕਿ ਅੰਡਰ 14 ਤੇ ਅੰਡਰ-17 ਵਿੱਚ ਖੇਲੋ ਇੰਡੀਆ ਖੇਡਾਂ 'ਚ ਵੇਟ ਲਿਫਟਿੰਗ ਵਿੱਚ ਗੋਲਡ ਮੈਡਲ ਜਿੱਤ ਚੁੱਕੀ ਹੈ। ਨਵਦੀਪ ਨੇ ਇਸ ਤੋਂ ਇਲਾਵਾ ਨੈਸ਼ਨਲ ਖੇਡਾਂ ਵਿੱਚ ਸਿਲਵਰ ਮੈਡਲ ਤੇ ਸਟੇਟ ਲੈਵਲ ਗੇਮ ਵਿੱਚ ਕਈ ਪੁਰਸਕਾਰ ਹਾਸਲ ਕੀਤੇ ਹਨ। ਹੁਣ ਤੱਕ ਕਈ ਮੱਲਾਂ ਮਾਰ ਚੁਕੀ ਇਹ ਖਿਡਾਰਨ ਮੌਜੂਦਾ ਸਮੇਂ ਵਿੱਚ ਬੇਹਦ ਤਰਸਯੋਗ ਹਾਲਤ ਤੇ ਗਰੀਬੀ ਭਰੇ ਹਲਾਤਾਂ 'ਚ ਰਹਿਣ ਲਈ ਮਜ਼ਬੂਰ ਹੈ। ਨੈਸ਼ਨਲ ਖਿਡਾਰੀਆਂ ਦੇ ਇਨ੍ਹਾਂ ਹਲਾਤਾਂ ਨੂੰ ਵੇਖ ਕੇ ਸਹਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਨੈਸ਼ਨਲ ਖਿਡਾਰੀ ਸਰਕਾਰ ਦੀ ਅਣਗਿਹਲੀਆਂ ਦੇ ਸ਼ਿਕਾਰ ਹੋ ਰਹੇ ਹਨ। ਪੰਜਾਬ ਸਰਕਾਰ ਵੱਲੋਂ ਖਿਡਾਰੀਆਂ ਦੀ ਹਰ ਸੰਭਵ ਮਦਦ ਕਰਨ ਦੇ ਦਾਅਵੇ ਜ਼ਮੀਨੀ ਪੱਧਰ 'ਤੇ ਝੂਠੇ ਪੈਂਦੇ ਨਜ਼ਰ ਆ ਰਹੇ ਹਨ।
ਨੈਸ਼ਨਲ ਖਿਡਾਰਨ ਨਵਦੀਪ ਕੌਰ ਨੇ ਦੱਸਿਆ ਕਿ ਉਹ ਪਿੰਡ ਪ੍ਰਤਾਪਗੜ੍ਹ ਦੀ ਵਸਨੀਕ ਹੈ। ਉਹ ਖੇਲੋ ਇੰਡੀਆ ਖੇਡਾਂ 'ਚ ਵੇਟ ਲਿਫਟਿੰਗ ਵਿੱਚ ਅੰਡਰ 14 ਤੇ ਅੰਡਰ-17 ਵਿੱਚ ਗੋਲਡ ਤੇ ਸਿਲਵਰ ਮੈਡਲ ਜਿੱਤ ਚੁੱਕੀ ਹੈ। ਅਜੇ ਵੀ ਉਹ ਜ਼ਿਲ੍ਹਾ ਪੱਧਰੀ ਗੇਮਸ ਵਿੱਚ ਹਿੱਸਾ ਲੈ ਰਹੀ ਹੈ। ਲਗਾਤਾਰ ਮਿਹਨਤ ਕਰਨ ਦੇ ਬਾਵਜੂਦ ਉਹ ਆਪਣਾ ਚੰਗਾ ਪ੍ਰਦਰਸ਼ਨ ਨਹੀਂ ਕਰ ਪਾ ਰਹੀ, ਕਿਉਂਕਿ ਉਸ ਗੇਮ ਲਈ ਲੋੜੀਦਾਂ ਤੇ ਘਰ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੋ ਪਾ ਰਹੀਆਂ ਹਨ। ਉਸ ਦੇ ਪਿਤਾ ਲੰਮੇਂ ਸਮੇਂ ਤੋਂ ਬਿਮਾਰ ਹਨ ਤੇ ਬਿਸਤਰ ਉੱਤੇ ਹਨ। ਇਸ ਦੇ ਚਲਦੇ ਉਹ ਕਮਾ ਨਹੀਂ ਸਕਦੇ। ਉਸ ਦੀ ਮਾਂ ਘਰ ਸੰਭਾਲਦੀ ਹੈ। ਬੀਤੇ ਦਿਨੀਂ ਉਸ ਦੇ ਘਰ ਦੀ ਛੱਤ ਡਿੱਗ ਗਈ, ਪਰ ਆਰਥਿਕ ਤੰਗੀ ਦੇ ਚਲਦੇ ਉਹ ਇਸ ਨੂੰ ਠੀਕ ਨਹੀਂ ਕਰਵਾ ਸਕੀ। ਨਵਦੀਪ ਨੇ ਕਿਹਾ ਕਿ ਟੋਕਿਓ ਓਲੰਪਿਕ ਵਿੱਚ ਵੱਖ-ਵੱਖ ਖਿਡਾਰੀਆਂ ਵੱਲੋਂ ਚੰਗਾ ਪ੍ਰਦਰਸ਼ਨ ਵੇਖ ਕੇ ਉਸ ਦੇ ਮਨ ਵਿੱਚ ਵੀ ਖੇਡਾਂ 'ਚ ਚੰਗਾ ਪ੍ਰਦਰਸ਼ਨ ਤੇ ਅੱਗੇ ਵੱਧਣ ਦਾ ਹੌਸਲਾ ਆਇਆ ਹੈ। ਉਸ ਨੇ ਸਰਕਾਰ ਕੋਲੋਂ ਮਦਦ ਦੀ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਨੂੰ ਲੋੜਵੰਦ ਤੇ ਛੋਟੇ ਵਰਗ ਦੇ ਖਿਡਾਰੀਆਂ ਦੀ ਵੀ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਉਹ ਅੱਗੇ ਵੱਧ ਸਕਣ।
ਨਵਦੀਪ ਦੀ ਮਾਂ ਤੇ ਉਸ ਦੇ ਮਾਮਾ ਜਗਦੀਪ ਨੇ ਦੱਸਿਆ ਕਿ ਉਨ੍ਹਾਂ ਆਪਣੀ ਧੀ ਦੇ ਨੈਸ਼ਨਲ ਖਿਡਾਰੀ ਹੋਣ 'ਤੇ ਬੇਹਦ ਮਾਣ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਨਵਦੀਪ ਕੌਰ ਨੂੰ ਨੌਕਰੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਕਈ ਨੈਸ਼ਨਲ ਖਿਡਾਰੀ ਅਜੇ ਵੀ ਸਰਕਾਰ ਦੀਆਂ ਅਣਗਿਹਲੀਆਂ ਦੇ ਸ਼ਿਕਾਰ ਹੋ ਰਹੇ ਹਨ। ਕਿਉਂਕਿ ਲੋੜੀਂਦਾ ਸਹੂਲਤਾਂ ਨਾ ਮਿਲਣ ਕਾਰਨ ਉਹ ਅੱਗੇ ਨਹੀਂ ਵੱਧ ਪਾਉਂਦੇ। ਚੰਗਾ ਖਾਣਾ, ਆਰਥਿਕ ਜ਼ਰੂਰਤਾਂ ਤੇ ਚੰਗੀ ਪ੍ਰੈਕਟਿਸ ਆਦਿ ਨਾ ਮਿਲਣ ਕਾਰਨ ਉਹ ਨਿਰਾਸ਼ ਹੋ ਕੇ ਖੇਡਣਾ ਬੰਦ ਕਰ ਦਿੰਦੇ ਹਨ। ਜਦੋਂ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਗਰੀਬ ਤੇ ਲੋੜਵੰਦ ਖਿਡਾਰੀਆਂ ਦੇ ਘਰਾਂ ਵੱਲ ਝਾਤ ਮਾਰੇ , ਉਨ੍ਹਾਂ ਦੀ ਲੋੜਾਂ ਨੂੰ ਪੂਰਾ ਕਰਕੇ ਉਨ੍ਹਾਂ ਚੰਗਾ ਖੇਡਣ ਲਈ ਪ੍ਰੇਰਤ ਕਰੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਇਨ੍ਹਾਂ ਖਿਡਾਰੀਆਂ ਵੱਲ ਧਿਆਨ ਦਵੇਗੀ ਤਾਂ ਆਗਮੀ ਸਮੇਂ 'ਚ ਹੋਣ ਵਾਲੀਆਂ ਓਲੰਪਿਕ ਖੇਡਾਂ ਵਿੱਚ ਕਈ ਖਿਡਾਰੀ ਹਿੱਸਾ ਲੈ ਸਕਣਗੇ ਤੇ ਦੇਸ਼ ਅਤੇ ਸੂਬੇ ਦਾ ਨਾਂਅ ਰੌਸ਼ਨ ਕਰਨਗੇ।
ਇਹ ਵੀ ਪੜ੍ਹੋ : ਜਾਣੋ ਨਿੱਕੀ ਲੇਖਿਕਾ ਦੀ ਕਹਾਣੀ, ਜਿਸ ਦੀ ਅਮਰੀਕਾ 'ਚ ਛਪੀ ਕਿਤਾਬ