ਗੁਰਦਾਸਪੁਰ: ਬਹਿਰਾਮਪੁਰ ਰੋਡ 'ਤੇ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਵਿਅਕਤੀ ਨੇ ਨਸ਼ਾ ਕਰਨ ਤੋਂ ਰੋਕੇ ਜਾਣ 'ਤੇ ਆਪਣੇ ਹੀ ਰਿਸ਼ਤੇਦਾਰ ਦਾ ਕਤਲ ਕਰ ਦਿੱਤਾ।
ਨਸ਼ਾ ਕਰਨ ਤੋਂ ਰੋਕਣ 'ਤੇ ਵਿਅਕਤੀ ਨੇ ਕੀਤਾ ਆਪਣੇ ਹੀ ਰਿਸ਼ਤੇਦਾਰ ਦਾ ਕਤਲ - ਨਸ਼ਾ ਤਸਕਰੀ
ਗੁਰਦਾਸਪੁਰ ਦੇ ਬਹਿਰਾਮਪੁਰ ਰੋਡ 'ਤੇ ਇੱਕ ਨਸ਼ਾ ਕਰਨ ਵਾਲੇ ਵਿਅਕਤੀ ਨੇ ਆਪਣੇ ਹੀ 38 ਸਾਲਾ ਰਿਸ਼ਤੇਦਾਰ ਦਾ ਕਤਲ ਕਰ ਦਿੱਤਾ। ਮ੍ਰਿਤਕ ਦਾ ਕਸੂਰ ਇਹ ਸੀ ਕਿ ਉਹ ਉਕਤ ਨੌਜਵਾਨ ਨੂੰ ਨਸ਼ਾ ਕਰਨ ਤੋਂ ਰੋਕ ਰਿਹਾ ਸੀ, ਜਿਸ ਦੇ ਚਲਦੇ ਉਸ ਨੂੰ ਆਪਣੀ ਜਾਨ ਗੁਆਣੀ ਪਈ।
ਮ੍ਰਿਤਕ ਦੀ ਪਛਾਣ 38 ਸਾਲਾ ਸ਼ਮਸ਼ੇਰ ਸਿੰਘ ਵਜੋਂ ਹੋਈ ਹੈ। ਸ਼ਮਸ਼ੇਰ ਸਿੰਘ ਬਹਿਰਾਮਪੁਰਾ ਦਾ ਵਸਨੀਕ ਹੈ। ਮ੍ਰਿਤਕ ਦੀ ਭੈਣ ਨੇ ਦੱਸਿਆ ਕਿ ਮੁਲਜ਼ਮ ਬੱਬਲੂ ਉਸ ਦੀ ਚਚੇਰੀ ਭੈਂਣ ਦਾ ਪੁੱਤਰ ਹੈ। ਉਸ 'ਤੇ ਪਹਿਲਾਂ ਵੀ ਨਸ਼ਾ ਤਸਕਰੀ ਤੇ ਹੋਰਨਾਂ ਕਈ ਅਪਰਾਧਾਂ ਦੇ ਮਾਮਲੇ ਦਰਜ ਸਨ। ਦੋ ਦਿਨ ਪਹਿਲਾਂ ਬੱਬਲੂ ਆਪਣੀ ਪਤਨੀ ਨਾਲ ਸ਼ਮਸ਼ੇਰ ਦੇ ਘਰ ਕਿਰਾਏ 'ਤੇ ਰਹਿਣ ਲਈ ਆਇਆ ਸੀ। ਬੀਤੀ ਰਾਤ ਬੱਬਲੂ ਉਸ ਦੇ ਘਰ ਬੈਠ ਕੇ ਨਸ਼ਾ ਕਰ ਰਿਹਾ ਸੀ। ਸ਼ਮਸ਼ੇਰ ਨੇ ਬੱਬਲੂ ਨੂੰ ਨਸ਼ਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਦੋਹਾਂ ਵਿਚਾਲੇ ਝਗੜਾ ਹੋ ਗਿਆ। ਇਸ ਦੌਰਾਨ ਮੁਲਜ਼ਮ ਨੇ ਸ਼ਮਸ਼ੇਰ ਦੇ ਸਿਰ 'ਤੇ ਇੱਟਾਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਇਲਾਕੇ ਦੇ ਲੋਕਾਂ ਨੂੰ ਜਦ ਇਸ ਬਾਰੇ ਪਤਾ ਲੱਗਾ ਤਾਂ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸਥਾਨਕ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਲੋਕਾਂ ਨੂੰ ਇੱਕਠਾ ਹੁੰਦਾ ਵੇਖ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਸਿੱਟੀ ਥਾਣੇ ਦੀ ਪੁਲਿਸ ਮੌਕੇ 'ਤੇ ਪੁੱਜੀ। ਇਸ ਬਾਰੇ ਦੱਸਦੇ ਹੋਏ ਐਸਐਚਓ ਜਬਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮ੍ਰਿਤਕ ਦੀ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ। ਪੁਲਿਸ ਵੱਲੋਂ ਮੁਲਜ਼ਮ ਦੀ ਭਾਲ ਜਾਰੀ ਹੈ। ਮ੍ਰਿਤਕ ਦੀ ਭੈਣ ਦੇ ਬਿਆਨ ਦਰਜ਼ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।