ਗੁਰਦਾਸਪੁਰ : ਬਟਾਲਾ ਨਗਰ ਨਿਗਮ ਦੇ ਸਫਾਈ ਕਰਮਚਾਰੀਆਂ ਵੱਲੋਂ ਲਗਾਤਾਰ ਪੰਜਵੇਂ ਦਿਨ ਵੀ ਹੜ੍ਹਤਾਲ ਜਾਰੀ ਹੈ। ਸਫਾਈ ਸੇਵਕ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਹਨ। ਸਫਾਈ ਕਰਮਚਾਰੀਆਂ ਦੀ ਹੜ੍ਹਤਾਲ ਦੇ ਕਾਰਨ ਸ਼ਹਿਰ ਵਿੱਚ ਥਾਂ-ਥਾਂ 'ਤੇ ਕੂੜੇ ਦੇ ਢੇਰ ਲੱਗੇ ਹੋਏ ਹਨ। ਇਸ ਕਾਰਨ ਲੋਕਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਬਟਾਲਾ 'ਚ ਥਾਂ-ਥਾਂ 'ਤੇ ਲੱਗੇ ਕੂੜੇ ਦੇ ਢੇਰ ਕੂੜੇ ਦੇ ਢੇਰ ਕਾਰਨ ਲੋਕ ਪਰੇਸ਼ਾਨ
ਸਥਾਨਕ ਲੋਕਾਂ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਬੀਤੇ ਕਈ ਦਿਨਾਂ ਤੋਂ ਸ਼ਹਿਰ ਦੇ ਵੱਖੋ-ਵੱਖ ਇਲਾਕਿਆਂ, ਬਜ਼ਾਰਾਂ ਤੇ ਸੜਕਾਂ ਉੱਤੇ ਕੂੜੇ ਦੇ ਢੇਰ ਲੱਗੇ ਹੋਏ ਹਨ। ਸਫਾਈ ਨਾ ਹੋਣ ਦੇ ਚਲਦੇ ਲੋਕਾਂ ਨੂੰ ਬਦਬੂਦਾਰ ਰਸਤੀਆਂ ਚੋਂ ਲੰਘਣਾ ਪੈ ਰਿਹਾ ਹੈ ਤੇ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੇ ਕਿਹਾ ਕਿ ਗਰਮੀ ਦੇ ਮੌਸਮ ਵਿੱਚ ਕੂੜਾ ਇੱਕਠਾ ਹੋਣ ਕਾਰਨ ਬਿਮਾਰੀ ਦਾ ਖ਼ਤਰਾ ਵੱਧ ਜਾਂਦਾ ਹੈ। ਉਨ੍ਹਾਂ ਆਖਿਆ ਕਿ ਪਹਿਲਾਂ ਹੀ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ ਤੇ ਹੁਣ ਸਫਾਈ ਨਾ ਹੋਣ ਦੇ ਚੱਲਦੇ ਬੱਚੇ, ਬਜ਼ੁਰਗ ਤੇ ਹੋਰਨਾਂ ਲੋਕ ਗੰਭੀਰ ਬਿਮਾਰੀ ਦਾ ਸ਼ਿਕਾਰ ਹੋ ਸਕਦੇ ਹਨ। ਇਸ ਪ੍ਰਸ਼ਾਸਨ ਨੂੰ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ ਤੇ ਜਲਦ ਤੋਂ ਜਲਦ ਸਫਾਈ ਦਾ ਪ੍ਰਬੰਧ ਕਰਨਾ ਚਾਹੀਦਾ ਹੈ।
ਸਰਕਾਰ ਨੇ ਨਹੀਂ ਪੂਰਾ ਕੀਤਾ ਕੋਈ ਵਾਅਦਾ
ਉਥੇ ਹੀ ਜਦ ਦੂਜੇ ਪਾਸੇ ਇਸ ਸਬੰਧੀ ਸਫਾਈ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸੱਤਾ 'ਚ ਆਉਣ ਤੋਂ ਪਹਿਲਾਂ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੱਚੇ ਸਫਾਈ ਕਰਮਚਾਰੀਆਂ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਸੀ, ਪਰ ਅਜੇ ਤੱਕ ਇਹ ਵਾਅਦਾ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ ਕਾਲ 'ਚ ਕੰਮ ਕਰ ਰਹੇ ਸਫਾਈ ਕਰਮਚਾਰੀਆਂ ਨਾਲ ਕਿਸੇ ਤਰ੍ਹਾਂ ਦੀ ਅਣਹੋਣੀ ਜਾਂ ਮਹਾਂਮਾਰੀ ਕਾਰਨ ਮੁਲਾਜ਼ਮ ਦੀ ਮੌਤ ਹੋਣ 'ਤੇ 50 ਲੱਖ ਰੁਪਏ ਮੁਆਵਜ਼ਾ ਤੇ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਪਰ ਇਸ ਨੂੰ ਵੀ ਪੂਰਾ ਨਹੀਂ ਕੀਤਾ ਗਿਆ। ਸਫਾਈ ਸੇਵਕਾਂ ਨੇ ਕਿਹਾ ਪਿਛਲੇ ਲੰਮੇਂ ਸਮੇਂ ਤੋਂ ਸਫਾਈ ਸੇਵਕ ਘੱਟ ਤਨਖਾਹਾਂ ਉੱਤੇ ਕੰਮ ਕਰ ਰਹੇ ਹਨ, ਵਾਰ-ਵਾਰ ਮੰਗ ਕਰਨ 'ਤੇ ਵੀ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ।
ਸਫਾਈ ਕਰਮਚਾਰੀਆਂ ਨੇ ਠੇਕੇ 'ਤੇ ਹੋ ਰਹੇ ਸਫਾਈ ਦੇ ਕੰਮ ਬੰਦ ਕਰਕੇ ਕੱਚੇ ਕਰਮਚਾਰੀਆਂ ਨੂੰ ਪੱਕੇ ਕਰਨ ਅਤੇ ਸਫਾਈ ਕਰਮਚਾਰੀਆਂ ਦੀਆਂ ਤਨਖਾਹਾਂ ਵਧਾਉਣ ਦੀ ਮੰਗ ਕੀਤੀ ਹੈ। ਸਫਾਈ ਕਰਮਚਾਰੀਆਂ ਕਿਹਾ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ ਹੜ੍ਹਤਾਲ ਜਾਰੀ ਰਹੇਗੀ। ਇਸ ਦੌਰਾਨ ਜੇਕਰ ਸ਼ਹਿਰ 'ਚ ਬਿਮਾਰੀ ਫੈਲਦੀ ਹੈ ਤਾਂ ਇਸ ਦੇ ਲਈ ਸਰਕਾਰ ਹੀ ਜ਼ਿੰਮੇਵਾਰ ਹੋਵੇਗੀ।