ਗੁਰਦਾਸਪੁਰ: ਦੇਸ਼ ਦੀ ਸੁਰੱਖਿਆ ਲਈ ਸਾਡੀ ਫੌਜ ਦੇ ਜਵਾਨ ਸਰਹੱਦਾਂ 'ਤੇ ਡੱਟੇ ਰਹਿੰਦੇ ਹਨ। ਇਸ ਦੌਰਾਨ ਕਈ ਫੌਜੀ ਸ਼ਹੀਦ ਵੀ ਹੋ ਜਾਂਦੇ ਹਨ,ਪਰ ਸਰਕਾਰ ਵੱਲੋਂ ਸ਼ਹੀਦਾਂ ਦੇ ਪਰਿਵਾਰ ਦੀ ਸਾਰ ਨਹੀਂ ਲਈ ਜਾਂਦੀ। ਅਜਿਹਾ ਹੀ ਮਾਮਲਾ ਗੁਰਦਾਸਪੁਰ ਵਿਖੇ ਸਾਹਮਣੇ ਆਇਆ ਹੈ। ਇਥੇ ਸਾਲ 2004 'ਚ ਅਨੰਤਨਾਗ ਵਿਖੇ ਗੁਰਦਾਸਪੁਰ ਦੇ ਪਿੰਡ ਪਨੀਆੜ ਤੋਂ ਬੀਐਸਐਫ ਜਵਾਨ ਪ੍ਰੇਮ ਮਸੀਹ ਦੇਸ਼ ਦੀ ਰੱਖਿਆ ਲਈ ਸ਼ਹੀਦ ਹੋ ਗਏ। ਸਰਕਾਰ ਵੱਲੋਂ ਵਾਅਦਾਖਿਲਾਫੀ ਦੇ ਚਲਦੇ ਸ਼ਹੀਦ ਦਾ ਪਰਿਵਾਰ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋ ਗਿਆ ਹੈ।
ਸ਼ਹੀਦ ਪ੍ਰੇਮ ਮਸੀਹ ਦੇ ਪੁੱਤਰ ਪਵਨ ਕੁਮਾਰ ਨੇ ਦੱਸਿਆ ਕਿ ਉਸ ਦੇ ਪਿਤਾ ਬੀਐਸਐਫ 'ਚ ਬਤੌਰ ਸਿਪਾਹੀ ਸੇਵਾਵਾਂ ਨਿਭਾ ਰਹੇ ਸੀ। ਸਾਲ 2004 'ਚ ਵਿੱਚ ਉਨ੍ਹਾਂ ਦੀ ਪੋਸਟਿੰਗ ਅੰਨਤਨਾਗ ਵਿਖੇ ਹੋ ਗਈ। ਦੇਸ਼ ਦੀ ਸੁਰੱਖਿਆ ਲਈ ਦੁਸ਼ਮਨਾਂ ਨਾਲ ਮੁਕਾਬਲਾ ਕਰਦੇ ਹੋਏ ਉਨ੍ਹਾਂ ਦੇ ਪਿਤਾ ਸ਼ਹੀਦ ਹੋ ਗਏ। ਉਸ ਸਮੇਂ ਉਹ ਬੇਹਦ ਛੋਟਾ ਸੀ। ਉਸ ਦੇ ਪਿਤਾ ਦੀ ਸ਼ਹਾਦਤ ਮੌਕੇ ਸਰਕਾਰ ਵੱਲੋਂ ਸ਼ਹੀਦ ਦੇ ਪਰਿਵਾਰ ਨਾਲ ਕਈ ਵੱਡੇ-ਵੱਡੇ ਵਾਅਦੇ ਕੀਤੇ ਗਏ, ਪਰ ਅੱਜ ਤੱਕ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ।