ਗੁਰਦਾਸਪੁਰ : ਬੇਰੁਜ਼ਗਾਰੀ ਅੱਜ ਦੀ ਨੌਜਵਾਨ ਪੀੜ੍ਹੀ ਲਈ ਇੱਕ ਅਹਿਮ ਮਸਲਾ ਹੈ। ਗਰੀਬ ਘਰਾਂ ਦੇ ਨੌਜਵਾਨ ਸੋਚਦੇ ਹਨ ਕਿ ਜ਼ਿਆਦਾ ਪੜ੍ਹ ਲਿਖ ਕੇ ਉਹ ਚੰਗੀ ਨੌਕਰੀ ਅਤੇ ਰੁਤਬਾ ਹਾਸਲ ਕਰ ਲੈਣਗੇ ਪਰ ਉੱਚ ਵਿੱਦਿਆ ਹਾਸਲ ਕਰਨ ਤੋਂ ਬਾਅਦ ਵੀ ਪੈਸੇ ਪੱਖੋਂ ਮਾੜੇ ਘਰਾਂ ਦੇ ਨੌਜਵਾਨਾਂ ਨੂੰ ਨੌਕਰੀਆਂ ਲਈ ਥਾਂ-ਥਾਂ ਉੱਤੇ ਭਟਕਨਾ ਪੈਂਦਾ ਹੈ। ਇੱਥੇ ਘਰ-ਘਰ ਨੌਕਰੀ ਅਤੇ ਹੁਨਰ ਨੂੰ ਤਰਜੀਹ ਦੇਣ ਦੇ ਸਰਕਾਰਾਂ ਦੇ ਦਾਅਵੇ ਖੋਖਲੇ ਸਾਬਤ ਹੁੰਦੇ ਹਨ।
ਥੱਕ-ਹਾਰ ਕੇ ਕੁੱਝ ਨੌਜਵਾਨ ਤਾਂ ਆਪਣੇ ਹੁਨਰ ਅਤੇ ਪੜ੍ਹਾਈ ਨੂੰ ਦਰਕਿਨਾਰ ਕਰਕੇ ਘਰ ਬੈਠ ਕੇ ਛੋਟਾ-ਮੋਟਾ ਕੰਮ ਧੰਧਾ ਹੀ ਆਪਣਾ ਹੀ ਕਰ ਲੈਣਾ ਚੰਗਾ ਸਮਝਦੇ ਹਨ। ਇੱਕ ਅਜਿਹੀ ਹੀ ਲੜਕੀ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਬਾਗੋਵਾਨਾਂ ਦੀ ਰਹਿਣ ਵਾਲੀ 25 ਸਾਲਾਂ ਮਨਪ੍ਰੀਤ ਕੌਰ ਵੀ ਹੈ ਜੋ ਐਮਐਸਸੀ ਕੰਪਿਊਟਰ ਸਾਇੰਸ ਕਰਨ ਤੋਂ ਬਾਅਦ ਵੀ ਖੇਤਾਂ ਵਿੱਚ ਝੋਨਾ ਲਾਉਣ ਅਤੇ ਲੋਕਾਂ ਦੇ ਘਰਾਂ ਵਿੱਚ ਵੱਖ-ਵੱਖ ਤਰ੍ਹਾਂ ਦਾ ਕੰਮ ਕਰਨ ਲਈ ਮਜਬੂਰ ਹੈ।
ਮਨਪ੍ਰੀਤ ਦੱਸਦੀ ਹੈ ਕਿ ਉਹ ਚਾਰ ਭੈਣ ਭਰਾ ਸੀ। ਹੁਣ ਘਰ ਵਿੱਚ ਉਹ ਉਸ ਦੀ ਛੋਟੀ ਭੈਣ ਅਤੇ ਮਾਂ ਹੀ ਰਹਿੰਦੇ ਹਨ। ਮਾਂ ਪਰਮਜੀਤ ਕੌਰ ਦਾ ਸੁਪਨਾ ਸੀ ਕਿ ਉਸ ਦੇ ਬੱਚੇ ਪੜ੍ਹ-ਲਿਖ ਕੇ ਕਿਸੇ ਵੱਡੇ ਅਹੁਦੇ ਉੱਤੇ ਪਹੁੰਚ ਜਾਣ ਤਾਂ ਜੋ ਜਿਹੜੀ ਗਰੀਬੀ ਉਸ ਨੇ ਵੇਖੀ ਹੈ ਉਹ ਉਸ ਦੇ ਬੱਚਿਆਂ ਨੂੰ ਨਾ ਦੇਖਣੀ ਪਵੇ। ਵੱਡੀ ਭੈਣ ਗ੍ਰੈਜੂਏਟ ਹੈ ਅਤੇ ਉਸਨੇ ਕਈ ਭਰਤੀਆਂ ਵੇਖੀਆਂ ਪਰ ਅੱਵਲ ਰਹਿਣ ਦੇ ਬਾਵਜੂਦ ਪੈਸੇ ਪੱਖੋਂ ਗੱਲ ਸਿਰੇ ਨਹੀਂ ਸੀ ਚੜ੍ਹਦੀ। ਉਹ ਲਗਪਗ ਦੋ ਸਾਲ ਪਹਿਲਾਂ ਵਿਆਹੀ ਗਈ ਹੈ। ਭਰਾ ਵੀ ਭਰਤੀ ਦੀ ਤਿਆਰੀ ਕਰਦਾ ਸੀ ਪਰ ਕੁੱਝ ਸਾਲ ਪਹਿਲਾਂ (2015) ਦੌੜ ਲਾਉਂਦਿਆਂ ਹੀ ਉਸ ਨੂੰ ਅਟੈਕ ਆਇਆ ਅਤੇ ਉਸ ਦੀ ਮੌਤ ਹੋ ਗਈ।
ਡਿਗਰੀਆਂ ਹਾਸਲ ਕਰ ਕੇ ਵੀ ਨਾ ਮਿਲੀ ਨੌਕਰੀ ਤਾਂ ਲੜਕੀ ਲਾਉਣ ਲੱਗੀ ਮਾਂ ਨਾਲ ਝੋਨਾ ਪਿਤਾ ਨੇ ਇਸੇ ਦੁੱਖੋਂ ਮੰਜਾ ਫੜ ਲਿਆ ਅਤੇ ਹੌਲੀ-ਹੌਲੀ ਮੌਤ ਦੇ ਵੱਲ ਵਧਦੇ ਗਏ ਅਤੇ ਅਖੀਰ ਇੱਕ ਦਿਨ ਉਹ ਵੀ ਚੱਲ ਵਸੇ। ਮਾਂ ਨੇ ਫਿਰ ਵੀ ਲੋਕਾਂ ਦੇ ਘਰਾਂ ਵਿਚ ਕੰਮ ਕਰ-ਕਰ ਕੇ ਭੈਣਾਂ ਨੂੰ ਪੜ੍ਹਾਇਆ। ਉਸ ਨੇ ਪਹਿਲਾਂ ਬੀਐਸਸੀ ਕੀਤੀ ਤੇ ਹੁਣ MSC ਕੰਪਿਊਟਰ ਸਾਇੰਸ ਕੀਤੀ। ਪਟਵਾਰੀ ਅਤੇ ਹੋਰ ਕਈ ਟੈਸਟ ਦੇਣ ਦੇ ਬਾਵਜੂਦ ਗੱਲ ਨਹੀਂ ਬਣੀ, ਕਿਉਂਕਿ ਉਨ੍ਹਾਂ ਕੋਲ ਪੈਸਾ ਨਹੀਂ ਹੈ। ਨੌਕਰੀ ਲਈ ਵੀ ਜਗ੍ਹਾ-ਜਗ੍ਹਾ ਧੱਕੇ ਖਾਧੇ ਅਤੇ ਹੁਣ ਉਹ ਥੱਕ-ਹਾਰ ਕੇ ਆਪਣੀ ਮਾਂ ਨਾਲ ਹੀ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਅਤੇ ਖੇਤਾਂ ਵਿੱਚ ਝੋਨਾ ਲਾਉਣ ਲਈ ਮਜਬੂਰ ਹੋ ਗਈ ਹੈ।
ਉੱਥੇ ਹੀ ਪਿੰਡ ਵਾਸੀ ਜੈਮਲ ਸਿੰਘ ਦੱਸਦੇ ਹਨ ਕਿ ਇਸ ਪਰਿਵਾਰ ਦੀ ਬਦਕਿਸਮਤੀ ਹੈ ਕਿ ਪਹਿਲਾਂ ਪਰਿਵਾਰ ਦਾ ਲੜਕਾ ਅਚਾਨਕ ਰੱਬ ਨੂੰ ਪਿਆਰਾ ਹੋ ਗਿਆ ਅਤੇ ਫਿਰ ਪਿਓ ਦੀ ਮੌਤ ਹੋ ਗਈ ਪਰ ਇਸ ਗੁਰਸਿੱਖ ਮਾਂ-ਧੀ ਨੇ ਬਹੁਤ ਮਿਹਨਤ ਕੀਤੀ ਹੈ। ਪਰਮਜੀਤ ਕੌਰ ਨੇ ਲੋਕਾਂ ਦੇ ਘਰ ਕੰਮ ਕਰ-ਕਰ ਕੇ ਅਤੇ ਗੋਹਾ ਚੁੱਕ-ਚੁੱਕ ਕੇ ਆਪਣੇ ਬੱਚਿਆਂ ਨੂੰ ਪੜ੍ਹਾਇਆ ਪਰ ਪੜ੍ਹਨ ਦੇ ਬਾਵਜੂਦ ਵੀ ਲੜਕੀ ਖੇਤਾਂ ਵਿੱਚ ਝੋਨਾ ਲਾਉਣ ਅਤੇ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਲਈ ਮਜ਼ਬੂਰ ਹੈ।
ਸਰਕਾਰ ਮਾੜੇ ਪਰਿਵਾਰਾਂ ਦਾ ਜੀਵਨ ਸਤਰ ਉੱਚਾ ਚੁੱਕਣ ਦੇ ਦਾਅਵੇ ਤਾਂ ਬਹੁਤ ਕਰਦੀ ਹੈ ਪਰ ਅਜਿਹੇ ਪਰਿਵਾਰਾਂ ਤੇ ਉਸਦੀ ਨਜ਼ਰ ਨਹੀਂ ਪੈਂਦੀ, ਜਦ ਕਿ ਇਹ ਲੜਕੀ ਪੜ੍ਹ-ਲਿਖ ਕੇ ਨੌਕਰੀ ਕਰਨ ਦੀ ਹੱਕਦਾਰ ਬਣਦੀ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਵੱਲੋਂ ਪਹਿਲ ਦੇ ਅਧਾਰ ਤੇ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ, ਉਥੇ ਹੀ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਅੱਗੇ ਆ ਕੇ ਇਸ ਪਰਿਵਾਰ ਦੀ ਮਦਦ ਕਰਨ।
ਇਹ ਵੀ ਪੜ੍ਹੋ :ਪੰਜਾਬ ਸਰਕਾਰ ਦੇ ਬਜਟ ਤੋਂ ਸਾਈਕਲ ਉਦਯੋਗ ਨਾਖੁਸ਼, ਜਾਣੋ ਕਿਉਂ ?