ਗੁਰਦਾਸਪੁਰ: ਜ਼ਿਲ੍ਹੇ ਦੇ ਪਿੰਡ ਬਾਜੇਚੱਕ ਵਿੱਚ ਦੁਪਹਿਰ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ। 25 ਦੇ ਕਰੀਬ ਹਥਿਆਰਬੰਦ ਨੌਜਵਾਨ ਮੋਟਰਸਾਈਕਲ 'ਤੇ ਸਵਾਰ ਹੋ ਕੇ ਪਿੰਡ ਵਿੱਚ ਦਾਖ਼ਲ ਹੋਏ। ਉਨ੍ਹਾਂ ਪਿੰਡ ਦੀਆਂ ਗਲੀਆਂ ਵਿੱਚ ਸ਼ੋਰ ਪਾਇਆ, ਲੋਕਾਂ ਦੇ ਘਰਾਂ ਦੇ ਦਰਵਾਜ਼ਿਆਂ 'ਤੇ ਹਥਿਆਰ ਤੇ ਇੱਟਾਂ ਮਾਰੇ। ਪੂਰੇ ਪਿੰਡ ਵਿੱਚ ਜਮ ਕੇ ਗੁੰਡਾਗਰਦੀ ਕੀਤੀ ਤੇ 2 ਘੰਟੇ ਦੀ ਗੁੰਡਾਗਰਦੀ ਕਰਨ ਤੋਂ ਬਾਅਦ ਫ਼ਰਾਰ ਹੋ ਗਏ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਹਥਿਆਰਬੰਦ ਨੌਜਵਾਨਾਂ ਨੇ ਕੀਤੀ ਗੁੰਡਾਗਰਦੀ ਪਿੰਡ ਦੀਆਂ ਔਰਤਾਂ ਨੇ ਦੱਸਿਆ ਕਿ ਉਨ੍ਹਾਂ ਨੇ ਅਚਾਨਕ ਹੀ ਪਿੰਡ 'ਚ ਚੀਕਾਂ ਦੀਆਂ ਆਵਾਜ਼ਾਂ ਸੁਣੀਆਂ। ਜਦ ਉਨ੍ਹਾਂ ਬਾਹਰ ਨਿਕਲ ਕੇ ਦੇਖਿਆ ਤਾਂ 25 ਦੇ ਕਰੀਬ ਹਥਿਆਰਬੰਦ ਨੌਜਵਾਨ ਮੋਟਰਸਾਈਕਲ 'ਤੇ ਆ ਰਹੇ ਸੀ। ਉਨ੍ਹਾਂ ਦੇ ਹੱਥਾਂ ਵਿੱਚ ਦਾਤਰ, ਕਿਰਪਾਨਾਂ ਆਦਿ ਰਿਵਾਇਤੀ ਹਥਿਆਰ ਸਨ। ਜਿੰਨ੍ਹਾਂ ਨੂੰ ਉਹ ਸ਼ਰੇਆਮ ਲਹਿਰਾਂ ਰਹੇ ਸਨ।
ਪਿੰਡ ਦੇ ਲੋਕ ਡਰ ਕੇ ਆਪਣੇ-ਆਪਣੇ ਘਰਾਂ ਵਿੱਚ ਵੜ ਗਏ। ਪਿੰਡ ਦੇ ਲੋਕਾਂ ਦੀ ਮੰਗ ਹੈ ਕਿ ਅਜਿਹੇ ਅਪਰਾਧਕ ਅਨਸਰਾਂ 'ਤੇ ਨੱਥ ਪਾਈ ਜਾਵੇ। ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਗੁੰਡਾਗਰਦੀ ਕਰਨ ਵਾਲੇ ਉਕਤ ਨੌਜਵਾਨਾਂ ਉੱਤੇ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।
ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪੁੱਜ ਕੇ ਪਿੰਡ ਦਾ ਜਾਇਜ਼ਾ ਲਿਆ। ਮੌਕੇ 'ਤੇ ਪੁੱਜੇ ਏਐਸਆਈ ਪਰਸ਼ੁਰਾਮ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਆਈ ਸੀ ਕਿ ਪਿੰਡ ਬਾਜੇਚੱਕ ਵਿੱਚ ਕੁਝ ਅਪਰਾਧਕ ਅਨਸਰਾਂ ਨੇ ਗੁੰਡਾਗਰਦੀ ਕੀਤੀ ਹੈ। ਇਸ ਸਬੰਧ 'ਚ ਉਨ੍ਹਾਂ ਨੇ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਪਿੰਡ ਦੇ ਨੌਜਵਾਨਾਂ ਦਾ ਦੂਜੇ ਪਿੰਡ ਦੇ ਨੌਜਵਾਨਾਂ ਨਾਲ ਝਗੜਾ ਹੋਇਆ ਸੀ। ਜਿਸ ਕਾਰਨ ਇਹ ਘਟਨਾ ਵਾਪਰੀ ਹੈ। ਉਨ੍ਹਾਂ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੇ ਜਾਣ ਦਾ ਭਰੋਸਾ ਦਿੱਤਾ ਹੈ।