ਕੋਰੋਨਾ ਕਾਲ 'ਚ ਜਿਥੇ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਮਰੀਜ਼ਾਂ ਦੇ ਇਲਾਜ ਲਈ ਹਰ ਸੰਭਵ ਸਿਹਤ ਸਹੂਲਤਾਂ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਉਥੇ ਹੀ ਦੂਜੇ ਪਾਸੇ ਕੋਰੋਨਾ ਮਰੀਜ਼ਾਂ ਦੇ ਇਲਾਜ ਤੇ ਸੇਵਾ 'ਚ ਜੁੱਟੇ ਸਿਹਤ ਕਰਮਚਾਰੀਆਂ ਨੂੰ ਬੇਹਦ ਦਬਾਅ ਭਰੇ ਮਾਹੌਲ 'ਚ ਕੰਮ ਕਰਨਾ ਪੈ ਰਿਹਾ ਹੈ, ਅਜਿਹਾ ਹੀ ਵੇਖਣ ਨੂੰ ਮਿਲਿਆ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ, ਇਥੇ ਕੋਰੋਨਾ ਮਰੀਜ਼ਾਂ ਨੂੰ ਲਿਆਉਣ ਤੇ ਲਿਜਾਣ ਲਈ 3 ਐਂਮਬੂਲੈਂਸਾਂ ਤਾਂ ਹਨ, ਪਰ ਮਹਿਜ਼ ਦੋ ਹੀ ਡਰਾਈਵਰ ਹਨ। ਜਿਸ ਕਾਰਨ ਹਸਪਤਾਲ ਪ੍ਰਸ਼ਾਸਨ ਤੇ ਡਰਾਈਵਰਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂ ਰਿਹਾ ਹੈ।
24 ਘੰਟੇ ਦੀ ਡਿਊਟੀ ਕਰਨ ਲਈ ਮਜਬੂਰ ਐਂਮਬੂਲੈਂਸ ਡਰਾਈਵਰ
ਇਸ ਸਬੰਧੀ ਈਵੀਟੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਐਸਐਮਓ ਡਾ. ਚੇਤਨਾ ਗੁਪਤਾ ਨੇ ਦੱਸਿਆ ਕਿ ਹਸਪਤਾਲ 'ਚ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਇੰਤਜ਼ਾਮ ਤਾਂ ਕੀਤੇ ਗਏ ਹਨ। ਇਥੇ ਜਿਆਦਾਤਰ ਕੋਰੋਨਾ ਮਰੀਜ਼ ਲੈਵਲ -2 ਦੇ ਦਾਖਲ ਹਨ। ਜੇਕਰ ਕਿਸੇ ਮਰੀਜ਼ ਦੀ ਹਾਲਤ ਜ਼ਿਆਦਾ ਵਿਗੜਦੀ ਹੈ ਤਾਂ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਲਈ ਹਸਪਤਾਲ ਕੋਲ 2 ਹਾਈਟੈਕ ਐਮਬੂਲੈਂਸਾਂ ਹਨ ਤੇ ਇੱਕ ਸ਼ਵ ਵਾਹਨ ਹੈ, ਪਰ ਹਸਪਤਾਲ ਕੋਲ ਐਂਮਬੂਲੈਂਸ ਤੇ ਸ਼ਵ ਵਾਹਨ ਚਲਾਉਣ ਲਈ ਮਹਿਜ਼ 2 ਹੀ ਡਰਾਈਵਰ ਹਨ, ਜਿਸ ਕਾਰਨ ਹਸਪਤਾਲ ਪ੍ਰਸ਼ਾਸਨ ਤੇ ਡਰਾਈਵਰਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡਰਾਈਵਰਾਂ ਨੂੰ 24-24 ਘੰਟਿਆਂ ਦੀ ਡਿਊਟੀ ਕਰਨੀ ਪੈ ਰਹੀ ਹੈ। ਇਸ ਨਾਲ ਉਨ੍ਹਾਂ ਦੀ ਸਿਹਤ ਤੇ ਵੀ ਮਾੜਾ ਪ੍ਰਭਾਵ ਪੈ ਰਿਹਾ ਹੈ।