ਗੁਰਦਾਸਪੁਰ : ਪੰਜਾਬ ਮੰਤਰੀ ਮੰਡਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 6 ਨਵੰਬਰ ਨੂੰ 15ਵੀਂ ਵਿਧਾਨ ਸਭਾ ਦਾ ਇੱਕ ਰੋਜ਼ਾ ਵਿਸ਼ੇਸ਼ ਇਜਲਾਸ ਸੱਦਣ ਦਾ ਫੈਸਲਾ ਕੀਤਾ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ਭਾਰਤੀ ਸੰਵਿਧਾਨ ਦੀ ਧਾਰਾ 174 (1) ਤਹਿਤ ਸਦਨ ਦਾ 9ਵਾਂ ਇਜਲਾਸ ਬੁਲਾਉਣ ਲਈ ਰਾਜਪਾਲ ਨੂੰ ਸਿਫਾਰਸ਼ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਮੁੱਖ ਮੰਤਰੀ ਅਤੇ ਉਨ੍ਹਾਂ ਦੇ ਕੈਬਨਿਟ ਸਾਥੀਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਧਾਰਮਿਕ ਸਮਾਗਮਾਂ ਲਈ ਇੱਥੇ ਚੱਲ ਰਹੇ ਵੱਖ-ਵੱਖ ਪ੍ਰਾਜੈਕਟਾਂ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ।
ਆਈ.ਡੀ.ਆਈ.ਪੀ.ਟੀ. ਪ੍ਰਾਜੈਕਟ ਨੂੰ ਮਿਲੀ ਮਨਜ਼ੂਰੀ :
ਇੱਕ ਹੋਰ ਫੈਸਲੇ ਵਿੱਚ ਸੈਰ ਸਪਾਟੇ ਲਈ ਬੁਨਿਆਦੀ ਢਾਂਚਾ ਨਿਵੇਸ਼ ਪ੍ਰੋਗਰਾਮ (ਆਈ.ਡੀ.ਆਈ.ਪੀ.ਟੀ.) ਅਧੀਨ ਭਾਗ-1 'ਚ ਲਏ ਗਏ ਉਪ-ਪ੍ਰਾਜੈਕਟਾਂ ਦੀ ਲਾਗਤ ਵਿੱਚ ਭਿੰਨਤਾ ਨੂੰ ਕਾਰਜ ਬਾਅਦ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਸ ਬਾਰੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਫੈਸਲਾ ਏਸ਼ੀਅਨ ਵਿਕਾਸ ਬੈਂਕ ਦੀ ਸਹਾਇਤਾ ਵਾਲੇ ਆਈ.ਡੀ.ਆਈ.ਪੀ.ਟੀ. ਦੇ ਉਪ-ਪ੍ਰਾਜੈਕਟਾਂ ਨੂੰ ਅਮਲ ਵਿੱਚ ਲਿਆਉਣ ਲਈ ਸੋਧੀ ਹੋਈ ਤਜਵੀਜ਼ ਮੁਤਾਬਕ ਲਿਆ ਗਿਆ ਹੈ। ਸੋਧੇ ਹੋਏ ਪ੍ਰਸਤਾਵ ਦਾ ਉਦੇਸ਼ ਆਈ.ਡੀ.ਆਈ.ਪੀ.ਟੀ. ਪ੍ਰਾਜੈਕਟ ਅਧੀਨ ਕੀਤੇ ਜਾ ਰਹੇ ਕੰਮਾਂ ਵਿੱਚ ਤੇਜ਼ੀ ਲਿਆਉਣਾ ਅਤੇ ਸਮੇਂ ਸਿਰ ਮੁਕੰਮਲ ਕਰਨਾ ਹੈ। ਇਸ ਨਾਲ ਉਪ-ਪ੍ਰਾਜੈਕਟ ਦੀ ਕੀਮਤ ਦੀ 10 ਫੀਸਦੀ ਭਿੰਨਤਾ ਦੀ ਇਜਾਜ਼ਤ ਪ੍ਰਾਜੈਕਟ ਡਾਇਰੈਕਟਰ ਕੋਲ ਅਤੇ 15 ਫੀਸਦੀ ਤੱਕ ਪ੍ਰਸ਼ਾਸਨਿਕ ਸਕੱਤਰ ਕੋਲ ਹੋਵੇਗੀ। ਮੁੱਖ ਸਕੱਤਰ ਅਤੇ ਸੂਬਾ ਪੱਧਰੀ ਅਧਿਕਾਰ ਕਮੇਟੀ ਦੇ ਚੇਅਰਮੈਨ ਨੂੰ ਏਸ਼ੀਅਨ ਵਿਕਾਸ ਬੈਂਕ ਦੀ ਸਹਿਮਤੀ ਪ੍ਰਾਪਤ ਕਰਨ ਤੋਂ ਬਾਅਦ 15 ਫੀਸਦੀ ਤੱਕ ਦੀ ਇਜਾਜ਼ਤ ਦੇਣ ਲਈ ਅਧਿਕਾਰਤ ਕੀਤਾ ਗਿਆ ਹੈ।
ਮੋਹਾਲੀ ਮੈਡੀਕਲ ਕਾਲਜ ਦੀ ਭਰਤੀ ਨੂੰ ਪ੍ਰਵਾਨਗੀ :
ਇਸੇ ਦੌਰਾਨ ਲੋਕਾਂ ਨੂੰ ਮਿਆਰੀ ਸਿਹਤ ਸੰਭਾਲ ਅਤੇ ਜਾਂਚ ਸੇਵਾਵਾਂ ਮੁਹਇਆ ਕਰਵਾਉਣ ਅਤੇ ਮੈਡੀਕਲ ਸਿੱਖਿਆ ਨੂੰ ਪੇਸ਼ੇ ਵਜੋਂ ਚੁਣਨ ਲਈ ਵਿਦਿਆਰਥੀਆਂ ਨੂੰ ਮੌਕਾ ਦੇਣ ਲਈ ਮੰਤਰੀ ਮੰਡਲ ਨੇ ਮੋਹਾਲੀ ਵਿਖੇ ਸਰਕਾਰੀ ਮੈਡੀਕਲ ਕਾਲਜ ਦੀ ਸਥਾਪਨਾ ਲਈ ਅਧਿਆਪਕਾਂ, ਪੈਰਾ ਮੈਡੀਕਲ ਸਟਾਫ ਅਤੇ ਹੋਰ ਅਸਾਮੀਆਂ ਨੂੰ ਪੜਾਅਵਾਰ ਭਰਨ ਦੀ ਪ੍ਰਵਾਨਗੀ ਦਿੱਤੀ ਹੈ। ਇਸ ਕਾਲਜ ਵਿੱਚ ਐਮ.ਬੀ.ਬੀ.ਐਸ. ਕੋਰਸ ਦੀਆਂ 100 ਸੀਟਾਂ ਹੋਣਗੀਆਂ। ਇਸ ਫੈਸਲੇ ਨਾਲ ਸਾਲ 2020-21 ਵਿੱਚ ਨਵੇਂ ਕਾਲਜ ਦਾ ਪਹਿਲਾ ਸੈਸ਼ਨ ਚਲਾਏ ਜਾਣ ਦੇ ਰਾਹ ਖੁੱਲ੍ਹਣਗੇ