ਗੁਰਦਾਸਪੁਰ: ਧਾਰੀਵਾਲ ਵਿਖੇ ਦਰਦਨਾਕ ਹਾਦਸਾ ਵਾਪਰਿਆ। ਹਾਦਸਾ ਉਸ ਵੇੇਲੇ ਵਾਪਰਿਆ ਜਦੋਂ ਯਾਤਰੀਆਂ ਨਾਲ ਭਰੀ ਬੱਸ ਜੰਮੂ ਤੋਂ ਅੰਮ੍ਰਿਤਸਰ ਜਾ ਰਹੀ ਸੀ। ਇਸ ਦੌਰਾਨ ਧਾਰੀਵਾਲ ਨੇੜੇ ਨੈਸ਼ਨਲ ਹਾਈਵੇ 'ਤੇ ਤੇਜ਼ ਰਫ਼ਤਾਰ ਬੱਸ ਬੇਕਾਬੂ ਹੋ ਕੇ ਡੀਵਾਈਡਰ ਨਾਲ ਟਕਰਾ ਕੇ ਪਲਟ ਗਈ। ਇਸ ਹਾਦਸੇ ਵਿੱਚ ਇੱਕ ਮਹਿਲਾ ਦੀ ਮੌਤ ਤੇ 20 ਯਾਤਰੀ ਜ਼ਖ਼ਮੀ ਹੋ ਗਏ।
ਜਾਣਕਾਰੀ ਮੁਤਾਬਕ ਜਮਨਾ ਕੰਪਨੀ ਦੀ ਪ੍ਰਾਈਵੇਟ ਯਾਤਰੀ ਬੱਸ ਜੰਮੂ ਤੋਂ ਅੰਮ੍ਰਿਤਸਰ ਵੱਲ ਜਾ ਰਹੀ ਸੀ। ਇਸ ਬੱਸ ਵਿੱਚ ਤਕਰੀਬਨ 60 ਯਾਤਰੀ ਸਵਾਰ ਸਨ। ਧਾਰੀਵਾਲ ਦੇ ਨੇੜੇ ਨੈਸ਼ਨਲ ਹਾਈਵੇ ਬੰਦ ਕੀਤਾ ਗਿਆ ਸੀ ਜਿਸ ਦਾ ਬੱਸ ਚਾਲਕ ਨੂੰ ਪਤਾ ਨਹੀਂ ਲਗਾ। ਅਚਾਨਕ ਤੇਜ਼ ਰਫ਼ਤਾਰ ਬੱਸ ਬੇਕਾਬੂ ਹੋ ਕੇ ਡੀਵਾਈਡਰ ਤੋਂ ਟਕਰਾ ਕੇ ਪਲਟ ਗਈ।
ਇਸ ਬਾਰੇ ਦੱਸਦੇ ਹੋਏ ਧਾਰੀਵਾਲ ਦੇ ਡੀਐਸਪੀ ਮਨਜੀਤ ਸਿੰਘ ਨੇ ਦੱਸਿਆ ਕਿ ਰਾਹਗੀਰਾਂ ਨੇ ਪੁਲਿਸ ਨੂੰ ਹਾਦਸੇ ਦੀ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ਉੱਤੇ ਪੁਜ ਕੇ ਬਚਾਅ ਕਾਰਜ ਸ਼ੁਰੂ ਕੀਤਾ। ਜ਼ਖ਼ਮੀ ਲੋਕਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿੱਚ 20 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਤੇ ਇਨ੍ਹਾਂ ਚੋਂ 6 ਲੋਕਾਂ ਦੀ ਹਾਲਤ ਗੰਭੀਰ ਹੈ। ਇਲਾਜ ਦੇ ਦੌਰਾਨ ਇੱਕ ਮਹਿਲਾ ਦੀ ਮੌਤ ਹੋ ਗਈ। ਪੁਲਿਸ ਵੱਲੋਂ ਜ਼ਖ਼ਮੀਆਂ ਦੇ ਪਰਿਵਾਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ।