ਸ੍ਰੀ ਫ਼ਤਿਹਗੜ੍ਹ ਸਾਹਿਬ: ਪੰਜਾਬ 'ਚ ਜਿੱਥੇ ਇੱਕ ਪਾਸੇ ਕੋਰੋਨਾ ਵਾਇਰਸ ਦੇ ਮਾਮਲੇ ਵੱਧਦੇ ਜਾ ਰਹੇ ਹਨ, ਉੱਥੇ ਹੀ ਹੁਣ ਸੂਬੇ 'ਚ ਡੇਂਗੂ ਦੀ ਦਸਤਕ ਹੋ ਚੁੱਕੀ ਹੈ। ਸਰਹਿੰਦ 'ਚ ਇੱਕ 27 ਸਾਲਾ ਨੌਜਵਾਨ ਦੀ ਡੇਂਗੂ ਕਾਰਨ ਮੌਤ ਹੋਣ ਦੀ ਖ਼ਬਰ ਹੈ। ਮ੍ਰਿਤਕ ਦੇ ਪਰਿਵਾਰ ਵੱਲੋਂ ਸਿਵਲ ਹਸਪਤਾਲ ਫ਼ਤਿਹਗੜ੍ਹ ਸਾਹਿਬ ਦੇ ਡਾਕਟਰਾਂ 'ਤੇ ਅਣਗਿਹਲੀ ਦੇ ਦੋਸ਼ ਲਗਾਏ ਜਾ ਰਹੇ ਹਨ।
ਮ੍ਰਿਤਕ ਦੀ ਪਛਾਣ 27 ਸਾਲਾ ਇਕਬਾਲ ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਮਲਕੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਮੀਂਹ ਪੈਣ ਕਾਰਨ ਉਨ੍ਹਾਂ ਦੇ ਪੁੱਤਰ ਇਕਬਾਲ ਨੂੰ ਬੁਖ਼ਾਰ ਤੇ ਦਸਤ ਦੀ ਸ਼ਿਕਾਇਤ ਹੋ ਗਏ ਸੀ। ਉਨ੍ਹਾਂ ਨੇ ਇਲਾਜ ਲਈ ਇਕਬਾਲ ਨੂੰ ਸਿਵਲ ਹਸਪਤਾਲ ਫ਼ਤਿਹਗੜ੍ਹ ਸਾਹਿਬ 'ਚ ਦਾਖ਼ਲ ਕਰਵਾਇਆ। ਇਥੇ ਇਕਬਾਲ ਦਾ ਮਹਿਜ਼ ਸ਼ੂਗਰ ਦਾ ਟੈਸਟ ਕੀਤਾ ਗਿਆ ਤੇ ਡਾਕਟਰਾਂ ਵੱਲੋਂ ਉਸ ਦਾ ਸ਼ੂਗਰ 240 ਤੱਕ ਵੱਧਣ ਦੀ ਗੱਲ ਕਹੀ ਗਈ। ਮਲਕੀਤ ਸਿੰਘ ਨੇ ਕਿਹਾ ਕਿ ਜਦ ਉਨ੍ਹਾਂ ਨੇ ਆਪਣੇ ਪੁੱਤਰ ਦਾ ਸ਼ੂਗਰ ਟੈਸਟ ਪ੍ਰਾਈਵੇਟ ਲੈਬ ਤੋਂ ਕਰਵਾਈਆ ਤਾਂ ਉਸ ਦਾ ਸ਼ੂਗਰ ਲੈਵਲ ਸਹੀ ਨਿਕਲਿਆ। ਉਨ੍ਹਾਂ ਵੱਲੋਂ ਵਾਰ-ਵਾਰ ਡਾਕਟਰਾਂ ਨੂੰ ਕਿਸੇ ਹੋਰ ਹਸਪਤਾਲ ਰੈਫਰ ਕਰਨ ਦੀ ਗੱਲ ਕਹੀ ਗਈ, ਪਰ ਡਾਕਟਰਾਂ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ।