ਸ੍ਰੀ ਫ਼ਤਿਹਗੜ੍ਹ ਸਾਹਿਬ : ਧੋਖਾਧੜੀ ਦੇ ਇੱਕ ਮਾਮਲੇ 'ਚ ਜ਼ਿਲ੍ਹਾ ਅਦਾਲਤ ਨੇ ਤਹਿਸੀਲਦਾਰ ਸਣੇ ਦੋ ਮੁਲਜ਼ਮਾਂ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਹੈ। ਉਕਤ ਮੁਲਜ਼ਮਾਂ 'ਤੇ ਇੱਕ ਵਪਾਰੀ ਨਾਲ ਧੋਖਾਧੜੀ ਕਰ ਜ਼ਮੀਨ ਹੜਪਨ ਦੇ ਦੋਸ਼ ਲੱਗੇ ਹਨ।
ਇਸ ਬਾਰੇ ਦੱਸਦੇ ਹੋਏ ਸ਼ਿਕਾਇਤ ਪੱਖ ਦੇ ਵਕੀਲ ਨੇ ਐਨ.ਕੇ ਪੁਰੀ ਨੇ ਦੱਸਿਆ ਕਿ ਉਕਤ ਤਹਿਸੀਲਦਾਰ ਤੇ ਹੋਰਨਾਂ ਦੋ ਮੁਲਜ਼ਮਾਂ ਨੇ ਨਕਲੀ ਅਸਟਾਮ ਪੇਪਰ ਤਿਆਰ ਕਰ ਜ਼ਮੀਨ ਹੜਪਨ ਦੀ ਕੋਸ਼ਿਸ਼ ਕੀਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਪੀੜਤ ਪੱਖ 'ਤੇ ਝੂਠੇ ਕੇਸ ਵੀ ਦਰਜ ਕਰਵਾਏ ਸਨ। ਕੋਰਟ ਨੇ ਤਹਿਸੀਲਦਾਰ ਹਰਫੂਲ ਸਿੰਘ ਗਿੱਲ, ਸੇਵਾਮੁਕਤ ਐਸਐਮਓ ਸੋਹਨ ਲਾਲ ਅਰੋੜਾ ਅਤੇ ਅਸਟਾਮ ਤਿਆਰ ਕਰਨ ਵਾਲੇ ਰਾਜ ਕੁਮਾਰ ਨੂੰ ਦੋ-ਦੋ ਸਾਲ ਦੀ ਸਜ਼ਾ ਅਤੇ 6-6 ਹਜ਼ਾਰ ਰੁਪਏ ਜੁਰਮਾਨਾ ਲਗਾਇਆ ਹੈ।
ਸ਼ਿਕਾਇਤਕਰਤਾ ਰਵਿੰਦਰ ਪੁਰੀ ਨੇ ਦੱਸਿਆ ਕਿ ਉਨ੍ਹਾਂ ਨੇ 2 ਅਪ੍ਰੈਲ 2008 ਨੂੰ ਕੋਟਲਾ ਬਜਵਾੜਾ ਵਿਖੇ ਆਪਣੀ ਜ਼ਮੀਨ ਦਾ ਸੋਹਨ ਲਾਲ ਅਰੋੜਾ ਨਾਲ 41 ਕਨਾਲ 11 ਮਰਲੇ ਦਾ ਇਕਰਾਰਨਾਮਾ ਕੀਤਾ ਸੀ। ਰਜਿਸਟਰੀ ਕਰਵਾਉਣ ਦੀ ਤਰੀਕ 20 ਅਗਸਤ 2008 ਮੁਕਰਰ ਕੀਤੀ ਗਈ ਸੀ, ਪਰ ਉਹ ਰਜਿਸਟਰੀ ਕਰਵਾਉਣ ਸਮੇਂ ਹਾਜ਼ਰ ਨਹੀਂ ਹੋਏ। ਇਸ ਦੌਰਾਨ ਚੰਡੀਗੜ੍ਹ ਵਾਸੀ ਸੋਹਨ ਲਾਲ ਨੇ ਅਦਾਲਤ 'ਚ ਕੇਸ ਦਰਜ ਕਰ ਦਿੱਤਾ ਸੀ। 19 ਜਨਵਰੀ 2011 ਨੂੰ ਅਦਾਲਤ ਨੇ ਇਹ ਫੈਸਲਾ ਉਨ੍ਹਾਂ ਦੇ ਹੱਕ ਵਿੱਚ ਸੁਣਾਇਆ। ਰਵਿੰਦਰ ਪੁਰੀ ਨੇ ਦੱਸਿਆ ਕਿ ਜਦੋਂ ਉਹ ਕੇਸ ਜਿੱਤ ਗਏ ਤਾਂ ਇਸ ਮਗਰੋਂ ਸੋਹਨ ਲਾਲ ਨੇ ਅਸਟਾਮ ਫਰੋਸ਼ ਰਾਜ ਕੁਮਾਰ ਵਾਸੀ ਬੱਸੀ ਪਠਾਣਾ ਨਾਲ ਮਿਲ ਕੇ ਤਹਿਸੀਲਦਾਰ ਹਰਫੂਲ ਸਿੰਘ ਦੀ ਮਿਲੀਭੁਗਤ ਨਾਲ ਬਿਆਨੇ ਦੀ ਤਰੀਕ ਖ਼ਤਮ ਹੋਣ ਕਰਕੇ ਜਾਅਲੀ ਅਸਟਾਮ ਤਿਆਰ ਕਰਵਾ ਲਏ। ਇਨ੍ਹਾਂ ਜਾਅਲੀ ਅਸਟਾਮ ਪੇਪਰਾਂ ਰਾਹੀਂ ਉਨ੍ਹਾਂ ਨੇ ਉਸ ਦੀ ਜ਼ਮੀਨ ਧੋਖੇ ਨਾਲ ਹੜਪਨੀ ਚਾਹੀ। ਉਨ੍ਹਾਂ ਉਕਤ ਮੁਲਜ਼ਮਾਂ ਦੇ ਖਿਲਾਫ 23 ਅਗਸਤ 2011 ਨੂੰ ਧੋਖਾਧੜੀ ਦਾ ਮਾਮਲਾ ਦਰਜ ਕਰ ਦਿੱਤਾ ਸੀ। ਜਿਸ ਸਬੰਧੀ ਅਦਾਲਤ 'ਚ ਕੇਸ ਚੱਲ ਰਿਹਾ ਸੀ। ਅਦਾਲਤ ਨੇ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਮਗਰੋਂ ਉਨ੍ਹਾਂ ਦੇ ਹੱਕ ਵਿੱਚ ਇਨਸਾਫ ਕੀਤਾ ਹੈ।
ਇਹ ਵੀ ਪੜ੍ਹੋ :ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਮਿਲੀ ਵੱਡੀ ਰਾਹਤ