ਫਤਿਹਗੜ ਸਾਹਿਬ: ਜਿਲ੍ਹਾ ਫਤਿਹਗੜ ਸਾਹਿਬ ਦੇ ਪਿੰਡ ਖੋਜੇਮਾਜਰਾ ਵਿੱਚ ਉਸ ਸਮੇਂ ਸੋਗ ਦੀ ਲਹਿਰ ਛਾ ਗਈ ਜਦੋਂ ਪਿੰਡ ਦੇ ਤਿੰਨ ਬੱਚਿਆਂ ਦੇ ਟੋਏ ਵਿੱਚ ਡਿੱਗਣ ਨਾਲ ਮੌਤ ਹੋ ਗਈ।
ਟੋਏ 'ਚ ਡਿੱਗਣ ਕਾਰਨ ਇੱਕੋ ਪਰਿਵਾਰ ਦੇ ਤਿੰਨ ਬੱਚਿਆਂ ਦੀ ਮੌਤ - ਫਤਿਹਗੜ ਸਾਹਿਬ
ਬੀਤੇ ਮਹੀਨੇ ਸੰਗਰੂਰ ਦੇ ਪਿੰਡ 'ਚ ਦੋ ਸਾਲਾ ਫਤਿਹਵੀਰ ਦੇ ਬੋਰਵੈੱਲ 'ਚ ਡਿੱਗਣ ਕਾਰਨ ਉਸ ਦੀ ਜਾਣ ਚਲੀ ਗਈ ਸੀ, ਤੇ ਹੁਣ 3 ਹੋਰ ਬੱਚਿਆਂ ਦੀ ਪਿੰਡ 'ਚ ਬਣੇ ਟੋਏ ਵਿੱਚ ਡਿੱਗ ਕੇ ਮੌਤ ਹੋ ਗਈ ਹੈ।
ਜਾਣਕਾਰੀ ਅਨੁਸਾਰ ਹਾਦਸਾ ਐਤਵਾਰ ਦੇਰ ਸ਼ਾਮ ਨੂੰ ਹੋਇਆ ਜਦੋਂ ਬੱਚੇ ਖੇਡ ਰਹੇ ਸਨ। ਤਿੰਨੋਂ ਮੁੰਡੇ ਸਕੇ ਭਰਾ ਸਨ। ਹਾਦਸੇ ਤੋਂ ਬਾਅਦ ਤਿੰਨਾਂ ਨੂੰ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਜਿੱਥੇ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਤਿੰਨਾਂ ਬੱਚਿਆਂ ਦੀ ਪਹਿਚਾਣ ਲਵਪ੍ਰੀਤ ਸਿੰਘ, ਜੋਬਨਪ੍ਰੀਤ ਸਿੰਘ, ਜਸ਼ਨਪ੍ਰੀਤ ਸਿੰਘ ਪੁੱਤ ਨਿਰਮਲ ਸਿੰਘ ਦੇ ਰੂਪ ਵਿੱਚ ਹੋਈ ਹੈ। ਪਰਿਵਾਰਿਕ ਮੈਬਰਾਂ ਦੇ ਅਨੁਸਾਰ ਤਿੰਨੋਂ ਬੱਚੇ ਚੌਥੀ, ਪੰਜਵੀ ਅਤੇ ਸੱਤਵੀਂ ਦੇ ਵਿਦਿਆਰਥੀ ਸਨ। ਉਨ੍ਹਾਂ ਨੇ ਦੱਸਿਆ ਕਿ ਪਿੰਡ ਵਿੱਚ ਇੱਕ ਟੋਆ ਪੱਟਿਆ ਹੋਇਆ ਸੀ ਜਿਸ 'ਚ ਪਾਣੀ ਭਰਿਆ ਸੀ ਬੱਚੇ ਖੇਡਦੇ ਹੋਏ ਉਸ ਵਿੱਚ ਡਿੱਗ ਗਏ ਤੇ ਪਾਣੀ 'ਚ ਡੁੱਬਣ ਨਾਲ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਨੇ ਟੋਆ ਪੁੱਟਣ ਵਾਲੇ ਵਿਅਕਤੀ ਦੇ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਜ਼ਿਕਰਯੋਗ ਹੈ ਕਿ ਬੀਤੇ ਮਹੀਨੇ ਸੰਗਰੂਰ ਦੇ ਪਿੰਡ ਭਗਵਾਨਪੂਰਾ 'ਚ ਦੋ ਸਾਲਾ ਫਤਿਹਵੀਰ 140 ਫੁੱਟ ਬੋਰਵੈੱਲ 'ਚ ਡਿੱਗ ਗਿਆ ਸੀ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਸੀ। ਫ਼ਤਿਹਵੀਰ ਦੀ ਮੌਤ ਤੋਂ ਬਾਅਦ ਪੰਜਾਬ ਸਰਕਾਰ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਤੇ ਹੁਣ ਤਿੰਨ ਹੋਰ ਬੱਚਿਆਂ ਦੀ ਟੋਏ ਵਿੱਚ ਡਿੱਗਣ ਕਾਰਨ ਮੌਤ ਹੋ ਗਈ। ਸਰਕਾਰ ਹਲ੍ਹੇ ਵੀ ਕੁੰਭਕਰਣ ਦੀ ਨੀਂਦ 'ਚ ਹੈ ਅਤੇ ਪਿੰਡਾ 'ਚ ਖੁਲੇ ਹੋਏ ਟੋਏ ਬੱਚਿਆਂ ਦੇ ਲਈ ਮੌਤ ਦਾ ਸਬਬ ਬਣੇ ਹੋਏ ਹਨ।