ਸ੍ਰੀ ਫ਼ਤਿਹਗੜ੍ਹ ਸਾਹਿਬ: ਸਿਵਲ ਹਸਪਤਾਲ ਫ਼ਤਿਹਗੜ੍ਹ ਸਾਹਿਬ ਵਿਖੇ ਆਸ਼ਾ ਵਰਕਾਰਾਂ ਵੱਲੋਂ ਲਗਾਤਾਰ ਪਿਛਲੇ 19 ਦਿਨਾਂ ਤੋਂ ਭੁੱਖ ਹੜਤਾਲ ਕੀਤੀ ਜਾ ਰਹੀ ਹੈ। ਆਸ਼ਾ ਵਰਕਰਾਂ ਨੇ ਇਹ ਭੁੱਖ ਹੜਤਾਲ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਕੀਤੀ ਹੈ। ਆਸ਼ਾ ਵਰਕਰਾਂ ਨੇ ਪੰਜਾਬ ਸਰਕਾਰ 'ਤੇ ਉਨ੍ਹਾਂ ਨੂੰ ਸਰਕਾਰੀ ਸੁਵਿਧਾਵਾਂ ਤੋਂ ਵਾਂਝੇ ਰੱਖਣ ਦੇ ਦੋਸ਼ ਲਾਏ। ਸਰਕਾਰ ਦਾ ਵਿਰੋਧ ਕਰਦੀਆਂ ਆਸ਼ਾ ਵਰਕਰਾਂ ਨੇ ਸਰਕਾਰ ਦੇ ਮੰਤਰੀਆਂ ਲਈ ਚੂੜੀਆਂ ਭੇਜੀਆ ਹਨ।
ਮੰਗਾਂ ਨਾ ਮੰਨੇ ਜਾਣ 'ਤੇ ਆਸ਼ਾ ਵਰਕਰਾਂ ਨੇ ਮੰਤਰੀਆਂ ਨੂੰ ਭੇਜੀਆਂ ਚੂੜੀਆਂ ਭੁੱਖ ਹੜਤਾਲ 'ਤੇ ਬੈਠੀ ਆਸ਼ਾ ਵਰਕਾਰਾਂ ਨੇ ਕਿਹਾ ਕਿ ਉਹ ਤੇ ਉਨ੍ਹਾਂ ਦੇ ਸਾਥੀ ਕੋਰੋਨਾ ਮਹਾਂਮਾਰੀ ਦੇ ਦੌਰਾਨ ਫਰੰਟ ਲਾਈਨ 'ਤੇ ਕੰਮ ਕਰ ਰਹੇ ਹਨ। ਕੋਰੋਨਾ ਕਾਲ 'ਚ ਉਹ ਘਰ-ਘਰ ਜਾ ਕੇ ਲੋਕਾਂ ਨੂੰ ਕੋਰੋਨਾ ਵਾਇਰਸ ਪ੍ਰਤੀ ਜਾਗਰੂਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿੰਦਗੀ ਖ਼ਤਰੇ 'ਚ ਪਾ ਕੇ ਕੰਮ ਕਰਨ ਦੇ ਬਾਵਜੂਦ ਸਰਕਾਰ ਉਨ੍ਹਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਆਸ਼ਾ ਵਰਕਰਾਂ ਤੋਂ ਮੁਫ਼ਤ ਕੰਮ ਲਿਆ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਸਰਕਾਰੀ ਸੁਵਿਧਾਵਾਂ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ।
ਆਸ਼ਾ ਵਰਕਰਾਂ ਨੇ ਆਪਣਾ ਰੋਸ ਪ੍ਰਗਟਾਉਂਦੇ ਹੋਏ ਕਿਹਾ ਕਿ ਉਹ 17 ਅਗਸਤ ਤੋਂ ਆਪਣੀਆਂ ਹੱਕੀ ਮੰਗਾਂ ਲਈ ਭੁੱਖ ਹੜਤਾਲ ਕਰ ਰਹੇ ਹਨ, ਪਰ ਅਜੇ ਤੱਕ ਕੋਈ ਮੰਤਰੀ ਉਨ੍ਹਾਂ ਦੀ ਗੱਲ ਸੁਣਨ ਨਹੀਂ ਆਇਆ। ਉਨ੍ਹਾਂ ਹਰਿਆਣਾ ਦੀ ਤਰਜ਼ 'ਤੇ ਆਸ਼ਾ ਵਰਕਰਾਂ ਨੂੰ ਭੱਤਾ ਦਿੱਤੇ ਜਾਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਲੰਬੇ ਸੰਘਰਸ਼ ਤੋਂ ਬਾਅਦ ਸਰਕਾਰ ਵੱਲੋਂ ਆਸ਼ਾ ਵਰਕਰਾਂ ਨੂੰ ਮਹਿਜ਼ 1 ਹਜ਼ਾਰ ਰੁਪਏ ਭੱਤਾ ਦਿੱਤਾ ਜਾਂਦਾ ਹੈ, ਜੋ ਕਿ ਨਾਕਾਫੀ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਖਜ਼ਾਨਾ ਖਾਲੀ ਹੋਣ ਦਾ ਬਹਾਨਾ ਕਰਕੇ ਆਸ਼ਾ ਵਰਕਰਾਂ ਨੂੰ ਅਣਦੇਖਾ ਕਰ ਰਹੀ ਹੈ। ਇਸ ਕਾਰਨ ਉਹ ਪੰਜਾਬ ਸਰਕਾਰ ਦੇ ਮੰਤਰੀਆਂ ਨੂੰ ਚੂੜੀਆਂ ਭੇਜ ਰਹੇ ਹਨ। ਕਿਉਂਕਿ ਮੰਤਰੀ ਮਹਿਜ਼ ਲਾਰੇ ਲਾਉਂਦੇ ਹਨ, ਉਨ੍ਹਾਂ ਵੱਲੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਜਾਂਦਾ। ਉਨ੍ਹਾਂ ਸਰਕਾਰ ਨੂੰ ਆਸ਼ਾ ਵਰਕਰਾਂ ਨੂੰ ਜਲਦ ਤੋਂ ਜਲਦ ਭੱਤਾ ਲਾਗੂ ਕਰਨ ਦੀ ਮੰਗ ਕੀਤੀ ਹੈ। ਮੰਗਾਂ ਨਾ ਮੰਨੇ ਜਾਣ 'ਤੇ ਉਨ੍ਹਾਂ ਸੰਘਰਸ਼ ਤੇਜ਼ ਕਰਨ ਦੀ ਚੇਤਾਵਨੀ ਦਿੱਤੀ ਹੈ।