ਸ੍ਰੀ ਫ਼ਤਿਹਗੜ੍ਹ ਸਾਹਿਬ : 24 ਫਰਵਰੀ ਨੂੰ ਪੰਜਾਬ ਦੇ ਮਸ਼ਹੂਰ ਗਾਇਕ ਅਤੇ ਸੁਰਾਂ ਦੇ ਬਾਦਸ਼ਾਹ ਸਰਦੂਲ ਸਿਕੰਦਰ ਦਾ ਦੇਹਾਂਤ ਹੋ ਗਿਆ। ਫ਼ਤਿਹਗੜ੍ਹ ਸਾਹਿਬ ਅਧੀਨ ਆਉਂਦੇ ਜੱਦੀ ਪਿੰਡ ਖੇੜੀ ਨੌਧ ਸਿੰਘ ਵਿਖੇ ਸਰਦੂਲ ਸਿਕੰਦਰ ਨੂੰ ਸਪੁਰਦੇ ਖਾਕ ਕੀਤਾ ਜਾਵੇਗਾ। ਸਰਦੂਲ ਸਿਕੰਦਰ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਤੇ ਪਿੰਡ 'ਚ ਸੋਗ ਦੀ ਲਹਿਰ ਹੈ।
ਸਰਦੂਲ ਸਿੰਕਦਰ ਦੇਹਾਂਤ ਤੋਂ ਸੋਗ 'ਚ ਡੁੱਬਿਆ ਜੱਦੀ ਪਿੰਡ ਖੇੜੀਨੌਧ ਸਿੰਘ ਦੱਸਣਯੋਗ ਹੈ ਕਿ ਕਿਡਨੀ ਟਰਾਂਸਪਲਾਂਟ ਤੋਂ ਬਾਅਦ ਉਹ ਬੇਹਦ ਬਿਮਾਰ ਰਹਿਣ ਲੱਗੇ। 24 ਫਰਵਰੀ ਨੂੰ ਉਨ੍ਹਾਂ ਨੇ ਮੋਹਾਲੀ ਦੇ ਨਿੱਜੀ ਹਸਪਤਾਲ 'ਚ ਆਖ਼ਰੀ ਸਾਹ ਲਏ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਹ ਕੋਰੋਨਾ ਤੋਂ ਵੀ ਪੀੜਤ ਸਨ। ਅੱਜ ਦੁਪਹਿਰ 2 ਵਜੇ ਉਨ੍ਹਾਂ ਨੂੰ ਜੱਦੀ ਪਿੰਡ ਖੇੜੀ ਨੌਧ ਵਿਖੇ ਸਪੁਰਦੇ ਖਾਕ ਕੀਤਾ ਜਾਵੇਗਾ।
ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦੇ ਜਾਣ ਨਾਲ ਸਾਡੀ ਦੁਨੀਆਂ ਹੀ ਉਜੜ ਗਈ ਹੈ। ਉਨ੍ਹਾਂ ਕਿਹਾ ਕਿ ਸਰਦੂਲ ਸਿਕੰਦਰ ਨੇ ਆਪਣੇ ਗੀਤਾਂ ਨਾਲ ਦੁਨੀਆ ਜਿੱਤੀ ਸੀ। 60 ਸਾਲਾ ਸਰਦੂਲ ਸਿਕੰਦਰ, ਪਿੰਡ ਖੇੜੀ ਨੌਧ ਸਿੰਘ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਜੰਮਪਲ ਸਨ ਅਤੇ ਦੋ ਦਹਾਕੇ ਪਹਿਲਾਂ ਪਿੰਡ ਤੋਂ ਖੰਨਾ, ਜ਼ਿਲ੍ਹਾ ਲੁਧਿਆਣਾ ਵਸ ਗਏ ਸਨ।
ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਯਾਦ ਕਰਦਿਆਂ ਕਿਹਾ, ਪਿੰਡ ਵਾਸੀਆਂ ਨੇ ਕਿਹਾ ਕਿ ਉਹ ਬਚਪਨ ਤੋਂ ਸੰਗੀਤ ਦੇ ਸ਼ੌਕੀਨ ਸਨ ਤੇ ਉਹ ਹਮੇਸ਼ਾਂ ਪਿੰਡ 'ਚ ਬੱਚਿਆਂ ਨਾਲ ਸੰਗੀਤ ਦੀ ਮਹਿਫਲ ਲਗਾਉਂਦੇ ਸਨ। ਪਰਿਵਾਰ ਨੇ ਕਿਹਾ ਕਿ ਉਨ੍ਹਾਂ ਦੀ ਗਾਇਕੀ ਦੀ ਬਦੌਲਤ ਸਾਰੇ ਪਿੰਡ ਦਾ ਨਾਂਅ ਰੋਸ਼ਨ ਹੋਇਆ। ਉਨ੍ਹਾਂ ਦੇ ਪਰਿਵਾਰ 'ਚ ਉਹ ਤਿੰਨ ਭਰਾ ਤੇ ਤਿੰਨ ਭੈਣਾਂ ਸਨ ਤੇ ਸਰਦੂਲ ਸਭ ਤੋਂ ਛੋਟੇ ਸਨ।
ਮਹਿਰੂਮ ਗਾਇਕ ਸਰਦੂਲ ਸਿਕੰਦਰ ਦੇ ਬਚਪਨ ਦੇ ਸਾਥੀ ਬੁਧਰਾਮ ਨੇ ਆਪਣੇ ਬਚਪਨ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਉਹ ਦੋਵੇਂ ਇੱਕਠੇ ਪੜ੍ਹੇ ਤੇ ਇੱਕਠੇ ਵੱਡੇ ਹੋਏ। ਉਨ੍ਹਾਂ ਦੱਸਿਆ ਕਿ ਸਰਦੂਲ ਸਿਕੰਦਰ ਦਾ ਪੂਰਾ ਸੰਗੀਤ 'ਚ ਬੇਹਦ ਰੂਚੀ ਰੱਖਦਾ ਸੀ। ਪਿੰਡ ਵਾਸੀ ਉਨ੍ਹਾਂ ਨੂੰ ਪਿਆਰ ਨਾਲ ਦੁੱਲੀ ਦੇ ਨਾਂਅ ਤੋਂ ਬੁਲਾਂਦੇ ਸਨ। ਉਹ ਬੇਹਦ ਮਿਲਨਸਾਰ ਸਨ ਤੇ ਪਿੰਡ ਵਾਸੀਆਂ ਨਾਲ ਹਰ ਦੁੱਖ ਦਰਦ ਸਾਂਝੇ ਕਰਦੇ ਸਨ। ਬੁਧਰਾਮ ਨੇ ਦੱਸਿਆ ਕਿ ਸਰਦੂਲ ਬੇਸ਼ਕ ਪਿਛਲੇ ਕਈ ਸਾਲਾਂ ਤੋਂ ਸ਼ਹਿਰ ਰਹਿੰਦੇ ਸਨ, ਪਰ ਉਨ੍ਹਾਂ ਦਾ ਲਗਾਵ ਉਨ੍ਹਾਂ ਦੇ ਜੱਦੀ ਪਿੰਡ ਤੋਂ ਬੇਹਦ ਜ਼ਿਆਦਾ ਸੀ। ਉਨ੍ਹਾਂ ਦੇ ਜਾਣ ਨਾਲ ਸੰਗੀਤ ਜਗਤ ਸਣੇ ਪੂਰੇ ਪਰਿਵਾਰ ਤੇ ਪਿੰਡ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।