ਸ੍ਰੀ ਫ਼ਤਿਹਗੜ੍ਹ ਸਹਿਬ: ਕੋਰੋਨਾ ਵਾਇਰਸ ਕਾਰਨ ਲਗੇ ਲੌਕਡਾਊਨ ਦੇ ਪ੍ਰਭਾਵ ਹੇਠ ਕਈ ਕਾਰੋਬਾਰ, ਵੱਡੇ-ਵੱਡੇ ਉਦਯੋਗ ਠੱਪ ਪੈ ਗਏ ਹਨ। ਵੱਡੇ-ਵੱਡੇ ਉਦਯੋਗਾਂ ਦੇ ਨਾਲ ਛੋਟੇ ਉਦਯੋਗ ਤੇ ਹਸਤਕਲਾ ਦਾ ਕੰਮ ਕਰਨ ਵਾਲੇ ਲੋਕ ਵੀ ਇਸ ਨਾਲ ਪ੍ਰਭਾਵਤ ਹੋਏ। ਅਜਿਹਾ ਹੀ ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਵੇਖਣ ਨੂੰ ਮਿਲਿਆ ਇੱਥੇ ਸੈਲਫ ਹੈਲਪ ਗਰੁੱਪ ਦੀਆਂ ਔਰਤਾਂ ਜੋ ਕਿ ਪਹਿਲਾਂ ਫੁਲਕਾਰੀ ਤਿਆਰ ਕਰਦਿਆਂ ਸਨ, ਹੁਣ ਮਾਸਕ ਤਿਆਰ ਕਰਕੇ ਆਪਣਾ ਗੁਜ਼ਾਰਾ ਕਰ ਰਹੀਆਂ ਹਨ।
ਸ੍ਰੀ ਗੁਰੂ ਅਰਜੁਨ ਦੇਵ ਅਤੇ ਅੰਨਪੂਰਣਾ ਸੈਲਫ ਹੈਲਪ ਗਰੁੱਪ ਦੀ ਮਹਿਲਾਵਾਂ ਲੌਕਡਾਊਨ ਤੋਂ ਪਹਿਲਾਂ ਫੁਲਕਾਰੀ ਤਿਆਰ ਕਰਦਿਆਂ ਸਨ। ਇਹ ਮਹਿਲਾਵਾਂ ਸੱਭਿਆਚਾਰਕ ਪ੍ਰੋਗਰਾਮਾਂ, ਸਰਕਾਰ ਵੱਲੋਂ ਲਾਏ ਜਾਣ ਵਾਲੇ ਸਾਰਸ ਤੇ ਕ੍ਰਾਫਟ ਮੇਲਿਆਂ ਵਿੱਚ ਫੁਲਕਾਰੀ ਤੇ ਆਪਣੇ ਹੱਥੀ ਬਣਿਆ ਸਮਾਨ ਵੇਚ ਕੇ ਆਪਣੀ ਰੋਜ਼ੀ ਰੋਟੀ ਕਮਾਉਂਦੀਆਂ ਸਨ। ਕੋਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ ਦੌਰਾਨ ਸਰਕਾਰ ਵੱਲੋਂ ਅਜਿਹੇ ਕੋਈ ਮੇਲੇ ਜਾਂ ਪ੍ਰੋਗਰਾਮ ਨਹੀਂ ਉਲੀਕੇ ਜਾ ਰਹੇ, ਜਿਸ ਕਰਕੇ ਉਨ੍ਹਾਂ ਵੱਲੋਂ ਬਣਾਇਆ ਗਿਆ ਸਾਮਾਨ ਵਿਕ ਨਹੀਂ ਰਿਹਾ। ਇਸ ਦੇ ਚਲਦੇ ਇਸ ਕਿੱਤੇ ਨਾਲ ਜੁੜੇ ਕਈ ਲੋਕ ਮੁਸ਼ਕਲ ਹਲਾਤਾਂ ਚੋਂ ਲੰਘ ਰਹੇ ਹਨ।