ਸ੍ਰੀ ਫ਼ਤਿਹਗੜ੍ਹ ਸਾਹਿਬ: ਐਸਡੀਐਮ ਦਫਤਰ ਫ਼ਤਹਿਗੜ੍ਹ ਸਾਹਿਬ ਵਿਖੇ ਆਓ ਮਿਲਕੇ ਕੋਵਿਡ-19 ਨੂੰ ਹਰਾਈਏ ਮੁਹਿੰਮ ਤਹਿਤ ਸੰਹੁ ਚੁੱਕ ਸਮਾਗਮ ਕਰਵਾਇਆ ਗਿਆ। ਇਸ ਸਹੁੰ ਚੁੱਕ ਸਮਾਗਮ 'ਚ ਡਿਪਟੀ ਕਮਿਸ਼ਨਰ ਅੰਮ੍ਰਿਤ ਕੌਰ ਗਿੱਲ ਅਤੇ ਐਸਡੀਐਮ ਸੰਜੀਵ ਕੁਮਾਰ ਸਣੇ ਕਈ ਅਧਿਕਾਰੀ ਮੌਜੂਦ ਰਹੇ। ਇਸ ਮਿਸ਼ਨ ਦਾ ਮੁੱਖ ਟੀਚਾ ਕੋਰੋਨਾ ਵਾਇਰਸ ਦੀ ਲੜੀ ਨੂੰ ਤੋੜ ਕੇ ਇਸ ਤੋਂ ਬਚਾਅ ਕਰਨਾ ਹੈ।
ਕੋਵਿਡ-19 ਨੂੰ ਹਰਾਈਏ ਮੁਹਿੰਮ ਇਸ ਸਹੁੰ ਚੁੱਕ ਸਮਾਗਮ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਨੇ ਖ਼ੁਦ ਕੋਰੋਨਾ ਵਾਇਰਸ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੀ ਸਹੁੰ ਚੁੱਕ ਕੇ ਕੀਤੀ। ਇਸ ਤੋਂ ਬਾਅਦ ਐਸਡੀਐਮ ਡਾ. ਸੰਜੀਵ ਕੁਮਾਰ ਸਣੇ 15 ਲੋਕਾਂ ਨੇ ਸਹੁੰ ਚੁੱਕੀ।
ਇਸ ਮੌਕੇ ਐਸਡੀਐਮ ਡਾ. ਸੰਜੀਵ ਕੁਮਾਰ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਚੇਨ ਨੂੰ ਤੋੜਨ ਲਈ 'ਆਓ ਮਿਲਕੇ ਕੋਵਿਡ-19 ਨੂੰ ਹਰਾਈਏ' ਮੁਹਿੰਮ ਤਹਿਤ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ ਹੈ। ਇਸ ਮੁਹਿੰਮ ਦਾ ਮੁੱਖ ਮਕਸਦ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਇਸ ਦੀ ਚੇਨ ਨੂੰ ਤੋੜਨਾ ਹੈ। ਇਸ ਰਾਹੀਂ ਵੱਧ ਤੋਂ ਵੱਧ ਲੋਕਾਂ ਦਾ ਬਚਾਅ ਕੀਤਾ ਜਾ ਸਕੇਗਾ। ਉਨ੍ਹਾਂ ਕੋਰੋਨਾ ਕਾਲ 'ਚ ਇਸ ਮਹਾਂਮਾਰੀ ਤੋਂ ਬਚਾਅ ਲਈ ਕੰਮ ਕਰਨ ਵਾਲੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਸਹੁੰ ਚੁੱਕ ਸਮਾਗਮ ਦਾ ਮੁੱਖ ਟੀਚਾ ਇਸ ਮਹਾਂਮਾਰੀ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਹੈ।
ਇਸ ਸਮਾਗਮ 'ਚ ਸ਼ਾਮਲ ਹੋਏ ਰਾਣਾ ਹਸਪਤਾਲ ਦੇ ਡਾ.ਹਤਿੰਦਰ ਸੂਰੀ ਨੇ ਕਿਹਾ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਦੀ ਅਗਵਾਈ 'ਚ ਮਿਸ਼ਨ ਫ਼ਤਿਹ ਚਲਾਇਆ ਜਾ ਰਿਹਾ ਹੈ। ਇਸ ਦੇ ਤਹਿਤ ਰਾਣਾ ਹਸਪਤਾਲ ਸਰਹਿੰਦ, ਭਾਰਤ ਵਿਕਾਸ ਪਰੀਸ਼ਦ, ਇੰਟਰਨੈਸ਼ਨਲ ਰੋਟਰੀ ਕਲੱਬ ਤੇ ਵਿਸ਼ਵ ਜਾਗ੍ਰਿਤੀ ਮੰਚ ਸਹੁੰ ਚੁੱਕ ਸਮਾਗਮ ਕਰਵਾਏ ਜਾ ਰਹੇ ਹਨ। ਇਸ ਸਮਾਗਮ ਦੌਰਾਨ 15 ਲੋਕਾਂ ਨੇ ਸਹੁੰ ਚੁੱਕੀ। ਇਹ ਲੋਕ ਕੋਰੋਨਾ ਵਾਇਰਸ ਨਾਲ ਜੁੜੇ ਭਰਮਾਓ ਤੱਥਾਂ, ਗ਼ਲਤ ਜਾਣਕਾਰੀਆਂ ਤੇ ਇਸ ਨਾਲ ਸਬੰਧਤ ਝੂਠੀਆਂ ਅਫਵਾਹਾਂ ਨੂੰ ਫੈਲਣ ਤੋਂ ਰੋਕਣਗੇ। ਸਹੁੰ ਚੁੱਕਣ ਵਾਲੇ ਲੋਕ ਸਮਾਜ 'ਚ ਸਕਾਰਾਤਮਕਤਾ ਫੈਲਾਉਣ ਤੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ ਲਈ ਲੋਕਾਂ ਨੂੰ ਜਾਗਰੂਕਤ ਕਰਨਗੇ। ਇਸ ਨਾਲ ਵੱਧ ਤੋਂ ਵੱਧ ਲੋਕ ਜਾਗਰੂਕ ਹੋ ਸਕਣਗੇ। ਇਸ ਤੋਂ ਇਲਾਵਾ ਇਸ ਮੁਹਿੰਮ ਦੇ ਤਹਿਤ ਸਹੁੰ ਚੁੱਕਣ ਵਾਲਾ ਵਲੰਟੀਅਰ ਵਰਗ ਲੋੜਵੰਦਾਂ, ਬਜ਼ੁਰਗਾਂ ਅਤੇ ਬੇਰੁਜ਼ਗਾਰਾਂ ਦੀ ਵੱਧ ਤੋਂ ਵੱਧ ਮਦਦ ਕਰੇਗਾ।