ਸ੍ਰੀ ਫ਼ਤਿਹਗੜ੍ਹ ਸਾਹਿਬ : ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਵੱਲੋਂ ਪੰਜ ਪਿਆਰੀਆਂ ਸਬੰਧੀ ਦਿੱਤੇ ਗਏ ਬਿਆਨ ਮਗਰੋਂ ਸਿਆਸਤ ਸਰਮਗ ਹੋ ਰਹੀ ਹੈ। ਵਿਰੋਧੀ ਧਿਰਾਂ ਵੱਲੋਂ ਲਗਾਤਾਰ ਹਰੀਸ਼ ਰਾਵਤ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ। ਇਸ ਦੇ ਵਿਰੋਧ 'ਚ ਅੱਜ ਫ਼ਤਿਹਗੜ੍ਹ ਸਾਹਿਬ ਵਿਖੇ ਯੂਥ ਅਕਾਲੀ ਦਲ ਨੇ ਜ਼ਿਲ੍ਹੇ ਦੇ ਐਸਐਸਪੀ ਨੂੰ ਮੰਗ ਪੱਤਰ ਸੌਂਪ ਕੇ ਹਰੀਸ਼ ਰਾਵਤ ਖਿਲਾਫ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹਮਲਾ ਕਰਨ ਵਾਲੀ ਪਾਰਟੀ ਤੋਂ ਨਹੀਂ ਇਨਸਾਫ ਦੀ ਆਸ - ਬੰਟੀ ਰੋਮਾਣਾ
ਹਰੀਸ਼ ਰਾਵਤ ਵੱਲੋਂ ਪੰਜ ਪਿਆਰੀਆਂ ਸਬੰਧੀ ਦਿੱਤੇ ਗਏ ਬਿਆਨ ਦੇ ਵਿਰੋਧ 'ਚ ਫ਼ਤਿਹਗੜ੍ਹ ਸਾਹਿਬ ਵਿਖੇ ਯੂਥ ਅਕਾਲੀ ਦਲ ਨੇ ਜ਼ਿਲ੍ਹੇ ਦੇ ਐਸਐਸਪੀ ਨੂੰ ਮੰਗ ਪੱਤਰ ਸੌਂਪਿਆ। ਇਸ ਦੌਰਾਨ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਸਬੰਧੀ ਹਰੀਸ਼ ਰਾਵਤ ਦੇ ਖਿਲਾਫ ਪਰਚਾ ਦਰਜ ਕਰਨ ਦੀ ਮੰਗ ਕੀਤੀ ਗਈ। ਬੰਟੀ ਰੋਮਾਣਾ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹਮਲਾ ਕਰਨ ਵਾਲੀ ਪਾਰਟੀ ਤੋਂ ਇਨਸਾਫ ਦੀ ਆਸ ਨਹੀਂ ਕੀਤੀ ਜਾ ਸਕਦੀ।
ਇਸ ਮੌਕੇ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਹਰੀਸ਼ ਰਾਵਤ ਦਾ ਸਿੱਧੂ ਤੇ ਉਨ੍ਹਾਂ ਦੇ ਕਾਰਜਕਾਰੀਆਂ ਨੂੰ ਲੈ ਕੇ ਦਿੱਤਾ ਬਿਆਨ ਸਰਾਸਰ ਗ਼ਲਤ ਹੈ। ਰਾਵਤ ਦੇ ਇਸ ਬਿਆਨ ਨੇ ਹਰ ਨਾਨਕ ਨਾਮ ਲੇਵਾ ਤੇ ਸਿੱਖ ਸੰਗਤ ਦੇ ਦਿਲਾਂ ਨੂੰ ਵਲੂੰਧਰ ਦਿੱਤਾ ਹੈ। ਇਸ ਨਾਲ ਸੰਗਤ ਦੇ ਮਨਾਂ ਨੂੰ ਬਹੁਤ ਵੱਡੀ ਠੇਸ ਪਹੁੰਚੀ ਹੈ। ਇਸ ਦੇ ਵਿਰੋਧ 'ਚ ਅੱਜ ਸੂਬੇ ਭਰ ਵਿੱਚ ਯੂਥ ਅਕਾਲੀ ਦਲ ਵੱਲੋਂ ਹਰੀਸ਼ ਰਾਵਤ ਦੇ ਖਿਲਾਫ ਹਰ ਜ਼ਿਲ੍ਹੇ ਦੇ ਐਸਐਸਪੀ ਨੂੰ ਮੰਗ ਪੱਤਰ ਸੌਂਪੇ ਗਏ ਹਨ। ਇਸ ਮੰਗ ਪੱਤਰ 'ਚ ਧਾਰਾ 295 ਤਹਿਤ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਸਬੰਧੀ ਹਰੀਸ਼ ਰਾਵਤ ਦੇ ਖਿਲਾਫ ਪਰਚਾ ਦਰਜ ਕਰਨ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ, ਤਾਂ ਜੋ ਅੱਗੇ ਤੋਂ ਕੋਈ ਵੀ ਅਜਿਹੀ ਗ਼ਲਤੀ ਕਰਨ ਦੀ ਹਿਮਾਕਤ ਨਾਂ ਕਰੇ।
ਇਸ ਦੇ ਨਾਲ ਹੀ ਕਾਂਗਰਸ ਪਾਰਟੀ ਉੱਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹਮਲਾ ਕਰਨ ਵਾਲੀ ਪਾਰਟੀ ਤੋਂ ਇਨਸਾਫ ਦੀ ਆਸ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਸਿੱਖ ਵਿਰੋਧੀ ਪਾਰਟੀ ਤੋਂ ਇਨਸਾਫ ਦੀ ਕੋਈ ਉਮੀਂਦ ਨਹੀਂ ਕੀਤੀ ਜਾ ਸਕਦੀ। ਉੱਥੇ ਹੀ ਉਨ੍ਹਾਂ ਨੇ ਕੈਪਟਨ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਂਝ ਤਾਂ ਆਪਣੇ ਆਪ ਨੂੰ ਗੁਰੂ ਦਾ ਸਿੱਖ ਅਖਵਾਉਂਦੇ ਹਨ, ਪਰ ਹੁਣ ਇਹ ਵੇਖਣਾ ਹੋਵੇਗਾ ਕਿ ਹਰੀਸ਼ ਰਾਵਤ 'ਤੇ ਮਾਮਲਾ ਦਰਜ ਹੁੰਦਾ ਹੈ ਜਾਂ ਨਹੀਂ। ਇਸ ਤਰ੍ਹਾਂ ਤਾਂ ਹਰ ਕੋਈ ਪਹਿਲਾਂ ਗ਼ਲਤ ਬੋਲਿਆ ਕਰੇਗਾ ਅਤੇ ਬਾਅਦ ਵਿਚ ਮੁਆਫੀ ਮੰਗ ਲਵੇਗਾ, ਪਰ ਹੁਣ ਸਬਕ ਸਿਖਾਉਣਾ ਜ਼ਰੂਰੀ ਹੋ ਗਿਆ ਹੈ। ਵਿਧਾਇਕ ਕੁਲਦੀਪ ਵੈਦ ਦੇ ਵੱਲੋਂ ਹਰੀਸ਼ ਰਾਵਤ ਦੇ ਹਮਾਇਤ ਕਰਨ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਬੇਹਦ ਹੈਰਾਨੀ ਦੀ ਗੱਲ ਹੈ ਕਿ ਅੱਜ ਕਾਂਗਰਸ ਦੇ ਲੀਡਰ ਧਾਰਮਿਕ ਅਸਥਾਨ ਛੱਡ ਕੇ ਕੁਰਸੀ ਦੇ ਪਿੱਛੇ ਪਏ ਹੋਏ ਹਨ।
ਇਹ ਵੀ ਪੜ੍ਹੋ :ਪਰਗਟ ਸਿੰਘ ਦੇ ਘਰ ਸਿੱਧੂ ਖੇਮੇ ਦਾ ਮੰਥਨ