ਸ੍ਰੀ ਫ਼ਤਿਹਗੜ੍ਹ ਸਾਹਿਬ: ਕੋਰੋਨਾ ਵਾਇਰਸ ਕਾਰਨ ਪੰਜਾਬ 'ਚ ਕਰਫਿਊ ਜਾਰੀ ਹੈ। ਜਿਸ ਦੇ ਚਲਦੇ ਸਾਰੇ ਕਾਰੋਬਾਰ ਠੱਪ ਪਏ ਹਨ, ਇਸ ਦਾ ਸਭ ਤੋਂ ਵੱਡਾ ਅਸਰ ਮਜ਼ਦੂਰਾਂ ਤੇ ਦਿਹਾੜੀ ਦਾਰਾਂ 'ਤੇ ਪੈ ਰਿਹਾ ਹੈ। ਅਜਿਹੇ ਹਲਾਤਾਂ 'ਚ ਪੰਜਾਬ 'ਚ ਫਸੇ ਪ੍ਰਵਾਸੀ ਮਜ਼ਦੂਰ ਆਪੋ-ਆਪਣੇ ਘਰ ਜਾਣਾ ਚਾਹੁੰਦੇ ਹਨ।
ਪੈਦਲ ਘਰਾਂ ਨੂੰ ਨਿਕਲੇ ਪ੍ਰਵਾਸੀ ਮਜ਼ਦੂਰ ਆਪਣੇ ਘਰ ਜਾਣ ਲਈ ਪਰਿਵਾਰਾਂ ਸਣੇ ਪੈਦਲ ਨਿਕਲੇ ਤਕਰੀਬਨ 50 ਪ੍ਰਵਾਸੀ ਮਜ਼ਦੂਰ ਸ੍ਰੀ ਫਤਿਹਗੜ੍ਹ ਸਾਹਿਬ ਪੁਜੇ। ਇਨ੍ਹਾਂ 'ਚ ਬੱਚੇ, ਬਜ਼ੁਰਗ ਤੇ ਆਦਮੀ ਔਰਤਾਂ ਸਣੇ ਇੱਕ ਗਰਭਵਤੀ ਮਹਿਲਾ ਵੀ ਸ਼ਾਮਲ ਹੈ। ਪਿਛਲੇ ਤਿੰਨ ਦਿਨਾਂ ਤੋਂ ਇਹ ਸਾਰੇ ਪ੍ਰਵਾਸੀ ਮਜ਼ਦੂਰ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਰੁੱਕੇ ਹੋਏ ਹਨ, ਜਦਕਿ ਪੁਲਿਸ ਵੱਲੋਂ ਉਨ੍ਹਾਂ ਨੂੰ ਇਥੋਂ ਜਾਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ।
ਆਪਣੀ ਪਰੇਸ਼ਾਨੀਆਂ ਸਾਂਝਾ ਕਰਦਿਆਂ ਪ੍ਰਵਾਸੀ ਮਜ਼ਦੂਰਾਂ ਨੇ ਕਿਹਾ ਕਿ ਉਹ ਸਾਰੇ ਲੁਧਿਆਣਾ ਤੋਂ ਪੈਦਲ ਚੱਲ ਕੇ ਇੱਥੇ ਪੁਜੇ ਹਨ। ਉਨ੍ਹਾਂ ਨੇ ਦੱਸਿਆ ਕਿ ਤਾਲਾਬੰਦੀ ਤੇ ਕਰਫਿਊ ਦੇ ਚਲਦੇ ਸਾਰੇ ਕਾਰੋਬਾਰ ਬੰਦ ਪਏ ਹਨ। ਮਾਰਚ ਮਹੀਨੇ ਤੱਕ ਕੰਮ ਕਰਨ ਦੇ ਬਾਵਜੂਦ ਫੈਕਟਰੀ ਮਾਲਕਾਂ ਨੇ ਉਨ੍ਹਾਂ ਨੂੰ ਤਨਖਾਹ ਨਹੀਂ ਦਿੱਤੀ। ਉਨ੍ਹਾਂ ਕੋਲ ਕੁੱਝ ਰਾਸ਼ਨ ਤੇ ਰੁਪਏ ਸੀ ਜੋ ਕਿ ਹੁਣ ਖ਼ਤਮ ਹੋ ਚੁੱਕੇ ਹਨ। ਅਜਿਹੇ ਹਲਾਤਾਂ 'ਚ ਉਨ੍ਹਾਂ ਲਈ ਗੁਜ਼ਾਰਾ ਕਰਨਾ ਬੇਹਦ ਮੁਸ਼ਕਲ ਹੋ ਗਿਆ ਹੈ ਤੇ ਮਕਾਨ ਮਾਲਕਾਂ ਵੱਲੋਂ ਵੀ ਵਾਰ-ਵਾਰ ਕਿਰਾਏ ਦੀ ਮੰਗ ਕੀਤੀ ਜਾ ਰਹੀ ਸੀ। ਸਰਕਾਰ 'ਤੇ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਉਨ੍ਹਾਂ ਦੀ ਸਾਰ ਨਹੀਂ ਲਈ।
ਉਨ੍ਹਾਂ ਦੱਸਿਆ ਕਿ ਉਹ ਅਨਪੜ੍ਹ ਹੋਣ ਕਾਰਨ ਉਹ ਸਰਕਾਰੀ ਹਦਾਇਤਾਂ ਮੁਤਾਬਕ ਸ਼ਰਤਾਂ ਪੂਰੀਆਂ ਨਾ ਕਰਕੇ ਰਜਿਸਟ੍ਰੇਸ਼ਨ ਨਹੀਂ ਕਰਵਾ ਸਕਦੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਪੈਸੇ ਵੀ ਨਹੀਂ ਹਨ ਕਿ ਉਹ ਕਿਸੇ ਤੋਂ ਆਨਲਾਈਨ ਫਾਰਮ ਭਰਵਾ ਸਕਣ। ਉਨ੍ਹਾਂ ਸੂਬਾ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਨਾਲ ਨਹੀਂ ਸਗੋਂ ਉਹ ਭੁੱਖਮਰੀ ਨਾਲ ਮਰ ਜਾਣਗੇ। ਉਨ੍ਹਾਂ ਕਿਹਾ ਕਿ ਉਹ ਪਿਛਲੇ 40 ਦਿਨਾਂ ਤੋਂ ਇਸ ਇੰਤਜਾਰ ਵਿੱਚ ਸਨ ਕਿ ਕਰਫ਼ਿਊ ਖੁੱਲ੍ਹੇਗਾ ਪਰ ਕਰਫ਼ਿਊ ਖੁੱਲ੍ਹਣ ਦੀ ਬਜਾਏ ਵਧਾ ਦਿੱਤਾ ਗਿਆ ਹੈ। ਇਸ ਲਈ ਉਨ੍ਹਾਂ ਕੋਲ ਪੈਦਲ ਜਾਣ ਤੋਂ ਇਲਾਵਾ ਕੋਈ ਹੋਰ ਰਾਹ ਨਹੀਂ ਹੈ।