ਫ਼ਤਿਹਗੜ੍ਹ ਸਾਹਿਬ ਚ ਕਿਸਾਨਾਂ ਨੇ ਸਾੜੀਆਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ
ਕਿਸਾਨਾਂ ਵੱਲੋਂ ਲਗਾਤਾਰ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਦੀ ਮੰਗ ਜਾਰੀ ਹੈ। ਹੁਣ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਰਿਲਾਇੰਸ ਸਟੋਰਾਂ ਨੂੰ ਚਲਾਉਣ ਵਾਲਿਆਂ ਨੇ ਵੀ ਕਿਸਾਨਾਂ ਨੂੰ ਸਮਰਥਨ ਦਿੰਦੇ ਹੋਏ ਖੇਤੀ ਕਾਨੂੰਨ ਰੱਦ ਹੋਣ ਤੱਕ ਸਟੋਰ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਫ਼ਤਿਹਗੜ੍ਹ ਸਾਹਿਬ ਵਿਖੇ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਤੇ ਕੇਂਦਰ ਸਰਕਾਰ ਦਾ ਵਿਰੋਧ ਕੀਤਾ।
ਸ੍ਰੀ ਫ਼ਤਿਹਗੜ੍ਹ ਸਾਹਿਬ : ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਅੰਦਰ ਹੁਣ ਰਿਲਾਇੰਸ ਸਟੋਰਾਂ ਨੂੰ ਚਲਾਉਣ ਵਾਲਿਆਂ ਨੇ ਵੀ ਕਿਸਾਨਾਂ ਨੂੰ ਸਮਰਥਨ ਦਿੰਦੇ ਹੋਏ ਉਦੋਂ ਤੱਕ ਸਟੋਰ ਬੰਦ ਰੱਖਣ ਦਾ ਫੈਸਲਾ ਲਿਆ ਹੈ ,ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ। ਫ਼ਤਹਿਗੜ੍ਹ ਸਾਹਿਬ ਵਿਖੇ ਅਜਿਹੇ ਹੀ ਇੱਕ ਸਟੋਰ ਮਾਲਕ ਨੇ ਕਿਸਾਨਾਂ ਦਾ ਸਮਰਥਨ ਕੀਤਾ। ਇਥੇ ਸਟੋਰ ਮਾਲਕਾਂ ਤੇ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਤੇ ਕੇਂਦਰ ਸਰਕਾਰ ਦਾ ਵਿਰੋਧ ਕੀਤਾ।
ਇਸ ਮੌਕੇ ਕਿਸਾਨ ਆਗੂ ਨਿਰਮਲ ਸਿੰਘ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਪਰ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜਨ ਦਾ ਪ੍ਰੋਗਰਾਮ ਸਰਹਿੰਦ ਬੱਸੀ ਰੋਡ ਉੱਪਰ ਰਿਲਾਇੰਸ ਦੇ ਸਮਾਰਟ ਸਟੋਰ ਬਾਹਰ ਰੱਖਿਆ ਗਿਆ ਸੀ। ਜਦੋਂ ਕਿਸਾਨ ਇਕੱਠੇ ਹੋਏ ਤਾਂ ਸਟੋਰ ਦੇ ਇਥੋਂ ਦੇ ਮਾਲਕ ਮਦਨ ਲਾਲ ਨੇ ਉਹਨਾਂ ਨੂੰ ਆਕੇ ਭਰੋਸਾ ਦਿੱਤਾ ਕਿ ਉਹ ਕਿਸਾਨਾਂ ਨਾਲ ਹਨ ਅਤੇ ਕਾਨੂੰਨ ਰੱਦ ਨਾ ਹੋਣ ਤੱਕ ਖੁਦ ਹੀ ਸਟੋਰ ਬੰਦ ਰੱਖਣਗੇ।
ਸਟੋਰ ਮਾਲਕ ਮਦਨ ਲਾਲ ਨੇ ਦੱਸਿਆ ਕਿ ਉਹਨਾਂ ਨੇ ਤਿੰਨ ਸਾਲ ਪਹਿਲਾਂ ਰਿਲਾਇੰਸ ਨਾਲ ਕੰਟਰੈਕਟ ਕੀਤਾ ਸੀ। ਹੁਣ ਉਹ ਓਦੋਂ ਤੱਕ ਸਟੋਰ ਨੂੰ ਨਾ ਤਾਂ ਖੋਲਣਗੇ ਅਤੇ ਨਾ ਹੀ ਹੈਂਡ ਓਵਰ ਕਰਨਗੇ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ।