ਸ੍ਰੀ ਫ਼ਤਿਹਗੜ੍ਹ ਸਾਹਿਬ: ਪੰਜਾਬ ਵਿੱਚ ਨੌਜਵਾਨਾਂ ਦੇ ਵਿਦੇਸ਼ ਜਾਣ ਦਾ ਰੁਝਾਨ ਸਚਮੁੱਚ ਚਿੰਤਾ ਦਾ ਵਿਸ਼ਾ ਹੈ। ਦੇਸ਼ 'ਚ ਵੱਧ ਰਹੀ ਬੇਰੁਜ਼ਗਾਰੀ ਨੌਜਵਾਨਾਂ ਨੂੰ ਵਿਦੇਸ਼ਾਂ ਵੱਲ ਰੁੱਖ ਕਰਨ ਲਈ ਮਜਬੂਰ ਕਰ ਰਹੀ ਹੈ ਪਰ ਸਿਆਣੇ ਕਹਿੰਦੇ ਹਨ ਕਿ ਜੇਕਰ ਮਿਹਨਤ ਕੀਤੀ ਜਾਵੇ ਤਾਂ ਉਹ ਪੰਜਾਬ ਵਿੱਚ ਰਹਿ ਕੇ ਕੀਤੀ ਜਾ ਸਕਦੀ ਹੈ। ਕੁਝ ਅਜਿਹੇ ਜੁਝਾਰੂ ਨੌਜਵਾਨ ਨੇ ਜਿਹੜੇ ਵਿਦੇਸ਼ ਜਾਣ ਦੀ ਬਜਾਏ ਪੰਜਾਬ ਵਿੱਚ ਰਹਿ ਕੇ ਵੀ ਮਿੱਟੀ ਤੋਂ ਸੋਨਾ ਬਣਾ ਰਹੇ ਹਨ ਤੇ ਆਪਣਾ ਵਧੀਆ ਕਾਰੋਬਾਰ ਖੜ੍ਹਾ ਕਰ ਰਹੇ ਹਨ।
ਉਹ ਜੋ ਜਿਉਂਦੇ ਨੇ ਅਣਖ ਦੇ ਨਾਲ - ਭਾਗ 10 ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਨਡਿਆਲੀ ਦੇ ਰਹਿਣ ਵਾਲਾ ਨੌਜਵਾਨ ਦਮਨਪ੍ਰੀਤ ਸਿੰਘ ਨੇ ਘਰ ਵਿੱਚ ਹੀ ਅਧੁਨਿਕ ਤਰੀਕੇ ਨਾਲ ਟੈਂਕ ਬਣਾ ਕੇ ਮੱਛੀ ਫਾਰਮ ਬਣਾ ਰੱਖਿਆ ਹੈ। ਇਹ ਉੱਦਮੀ ਨੌਜਵਾਨ ਕਿਸਾਨ ਬਾਕੀ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹਨ। ਇਸ ਕਾਰੋਬਾਰ ਨੂੰ ਸ਼ੁਰੂ ਕਰਨ ਵਾਲੇ ਦਮਨਪ੍ਰੀਤ ਸਿੰਘ ਨੇ ਪੜ੍ਹਾਈ ਕਰਨ ਤੋਂ ਬਾਅਦ ਨੌਕਰੀ ਦੀ ਤਲਾਸ਼ ਕੀਤੀ ਪਰ ਉਸ ਨੂੰ ਨੌਕਰੀ ਨਹੀਂ ਮਿਲੀ ਜਿਸ ਤੋਂ ਬਾਅਦ ਉਸ ਨੇ ਆਪਣਾ ਖੁਦ ਦਾ ਕੰਮ ਕਰਨ ਦੀ ਠਾਣ ਲਈ ਅਤੇ ਯੂਟਿਊਬ 'ਤੇ ਉਸ ਨੇ ਮੱਛੀ ਪਾਲਣ ਦਾ ਨਵਾਂ ਤਰੀਕਾ ਦੇਖਿਆ।
ਇਸ ਬਾਰੇ ਗੱਲਬਾਤ ਕਰਦੇ ਹੋਏ ਦਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਕੁੱਝ ਕਰਕੇ ਦਿਖਾਉਣ ਲਈ ਉਨ੍ਹਾਂ ਨੇ ਮੱਛੀ ਪਾਲਣ ਦਾ ਧੰਦਾ ਸ਼ੁਰੂ ਕੀਤਾ। ਦੱਸ ਦੇਈਏ ਕਿ ਇਹ ਮੱਛੀ ਪਾਲਣ ਦਾ ਕੰਮ ਉਸ ਨੇ ਆਪਣੇ ਘਰ ਹੀ ਬਿਨਾਂ ਟੋਭੇ ਅਤੇ ਛੱਪੜ ਤੋਂ ਇੱਕ ਨਵੀਂ ਤਕਨੀਕ ਦੇ ਨਾਲ ਸ਼ੁਰੂ ਕੀਤਾ। ਦਮਨਪ੍ਰੀਤ ਨੇ ਦੱਸਿਆ ਕਿ ਉਸ ਵੱਲੋਂ ਹਰਿਆਣਾ ਦੇ ਜ਼ਿਲ੍ਹਾ ਹਿਸਾਰ ਦੇ ਪਿੰਡ ਮਜਵਾੜੀ ਵਿਖੇ ਰਾਜੂ ਤੋਂ ਟ੍ਰੇਨਿੰਗ ਲਈ ਗਈ ਹੈ। ਦਮਨਪ੍ਰੀਤ ਨੇ ਦੱਸਿਆ ਕਿ ਉਸ ਵੱਲੋਂ ਘਰ ਦੇ ਵਿੱਚ ਹੀ ਚਾਰ ਟੈਂਕ ਬਣਾਏ ਗਏ ਹਨ ਜੋ ਕਿ ਤਰਪਾਲ ਨਾਲ ਤਿਆਰ ਕੀਤੇ ਗਏ ਹਨ ਇੱਕ ਟੈਂਕ ਦੇ ਵਿੱਚ ਦਸ ਹਜ਼ਾਰ ਲੀਟਰ ਪਾਣੀ ਹੈ ਅਤੇ 700 ਮੱਛੀ ਦੇ ਬੱਚੇ ਹਨ। ਉਹ ਸਾਲ ਦੇ ਵਿੱਚ 2 ਵਾਰ ਮੱਛੀ ਤਿਆਰ ਕਰਦੇ ਹਨ।
ਉਸ ਨੇ ਦੱਸਿਆ ਕਿ ਇੱਕ ਟੈਂਕ ਦੇ ਵਿੱਚ ਸੱਤ ਤੋਂ ਦਸ ਕੁਇੰਟਲ ਮੱਛੀ ਨਿਕਲਦੀ ਹੈ, ਜਿਸ ਨਾਲ ਉਸ ਨੂੰ ਦੁੱਗਣਾ ਮੁਨਾਫਾ ਹੁੰਦਾ ਹੈ। ਉਸ ਨੇ ਕਿਹਾ ਕਿ ਇਸ ਨਾਲ ਪਾਣੀ ਦੀ ਦੁਰਵਰਤੋਂ ਵੀ ਨਹੀਂ ਹੁੰਦੀ ਅਤੇ ਜੋ ਬਾਅਦ ਵਿੱਚ ਪਾਣੀ ਬਚਦਾ ਹੈ ਉਸ ਨੂੰ ਫਸਲ ਦੇ ਲਈ ਵਰਤਿਆ ਜਾ ਸਕਦਾ ਹੈ। ਦਮਨਪ੍ਰੀਤ ਨੇ ਦੱਸਿਆ ਕਿ ਇੱਕ ਟੈਂਕ 'ਤੇ 35 ਹਜ਼ਾਰ ਦੇ ਕਰੀਬ ਖਰਚ ਆਉਂਦਾ ਹੈ।
ਦਮਨਪ੍ਰੀਤ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਉਹ ਪਹਿਲੇ ਨੌਜਵਾਨ ਹਨ ਜਿਨ੍ਹਾਂ ਵੱਲੋਂ ਅਜਿਹੇ ਤਰੀਕੇ ਨਾਲ ਮੱਛੀ ਪਾਲਣ ਦਾ ਧੰਦਾ ਕੀਤਾ ਜਾ ਰਿਹਾ ਹੈ। ਉਸ ਨੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਖੇਤੀ ਦੇ ਨਾਲ ਸਹਾਇਕ ਧੰਦੇ ਵੀ ਜ਼ਰੂਰ ਕੀਤੇ ਜਾਣ। ਜਿਸ ਨਾਲ ਵਧੀਆ ਮੁਨਾਫ਼ਾ ਹੋ ਸਕਦਾ ਹੈ। ਉੱਦਮੀ ਨੌਜਵਾਨ ਦੀ ਹਿੰਮਤ ਨੂੰ ਹੋਰ ਨੌਜਵਾਨ ਵੀ ਸਹਰਾਉਂਦੇ ਰਹੇ ਹਨ। ਦਮਨਪ੍ਰੀਤ ਸਿੰਘ ਨੇ ਜਿਸ ਤਰੀਕੇ ਮੱਛੀ ਪਾਲਣ ਦਾ ਧੰਦਾ ਸ਼ੁਰੂ ਕਰਕੇ ਵਿਖਾਇਆ ਹੈ, ਯਕੀਨੀ ਤੌਰ 'ਤੇ ਇਹ ਹੋਰਨਾਂ ਨੌਜਵਾਨ ਕਿਸਾਨਾਂ ਲਈ ਚਾਨਣ ਮੁਨਾਰੇ ਦਾ ਕੰਮ ਕਰੇਗਾ।