ਸ੍ਰੀ ਫ਼ਤਿਹਗੜ੍ਹ ਸਾਹਿਬ: ਸੂਬਾ ਸਰਕਾਰ ਵੱਲੋਂ ਸੂਬੇ 'ਚ ਨਸ਼ਾ ਖ਼ਤਮ ਕਰਨ ਤੇ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੇ ਜਾਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਜ਼ਮੀਨੀ ਪੱਧਰ 'ਤੇ ਇਹ ਦਾਅਵੇ ਝੂਠੇ ਪੈਂਦੇ ਨਜ਼ਰ ਆ ਰਹੇ ਹਨ।
ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਨਸ਼ਾ ਤਸਕਰ ਗ੍ਰਿਫਤਾਰ ਹਲਕਾ ਅਮਲੋਹ ਨੇੜੇ ਪਿੰਡ ਲਾਡਪੁਰ 'ਚ ਪਿੰਡ ਵਾਸੀਆਂ ਵੱਲੋਂ ਇੱਕ ਨੌਜਵਾਨ ਨੂੰ ਨਸ਼ੇ ਦੀ ਸਪਲਾਈ ਕਰਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ। ਉਕਤ ਨੌਜਵਾਨ ਦੀ ਪਛਾਣ ਸੂਰਜ ਦੱਤ, ਅਮਲੋਹ ਵਾਸੀ ਵਜੋਂ ਹੋਈ ਹੈ। ਇਹ ਨੌਜਵਾਨ ਅਮਲੋਹ ਤੋਂ ਅਕਾਲੀ ਦਲ ਦੇ ਬਾਜ਼ੀਗਰ ਵਿੰਗ ਸਰਕਲ ਮੰਡੀ ਗੋਬਿੰਦਗੜ੍ਹ ਦਾ ਦਿਹਾਤੀ ਪ੍ਰਧਾਨ ਦੱਸਿਆ ਜਾ ਰਿਹਾ ਹੈ।
ਇਸ ਬਾਰੇ ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਵਿਅਕਤੀ ਪਿਛਲੇ ਕਈ ਸਮੇਂ ਤੋਂ ਪਿੰਡ 'ਚ ਆ ਰਿਹਾ ਸੀ ਅਤੇ ਨੌਜਵਾਨਾਂ ਨੂੰ ਨਸ਼ੇ ਵੇਚਦਾ ਸੀ। ਇਸ ਵਾਰ ਜਦ ਉਹ ਆਪਣੀ ਕਾਰ 'ਚ ਸਵਾਰ ਹੋ ਪਿੰਡ 'ਚ ਆਇਆ ਤਾਂ ਉਸ ਨੂੰ ਨਸ਼ਾ ਵੇਚਦੇ ਹੋਏ ਮੌਕੇ 'ਤੇ ਕਾਬੂ ਕਰ ਲਿਆ ਗਿਆ। ਪਿੰਡ ਵਾਸੀਆਂ ਵੱਲੋਂ ਮੁਲਜ਼ਮ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।
ਹੋਰ ਪੜ੍ਹੋ : ਹਲਕੇ ਦਾ ਵਿਕਾਸ ਨਾ ਹੋਣ 'ਤੇ ਲੁਧਿਆਣਾ ਵਾਸੀਆਂ ਨੇ ਬੈਂਸ ਭਰਾਵਾਂ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ
ਇਸ ਬਾਰੇ ਦੱਸਦੇ ਹੋਏ ਮੰਡੀ ਗੋਬਿੰਦਗੜ੍ਹ ਦੇ ਐਸਐਚਓ ਮਹਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਉਨ੍ਹਾਂ ਸੂਚਨਾ ਮਿਲੀ ਸੀ ਕਿ ਸੂਰਜ ਨਾਂਅ ਦਾ ਵਿਅਕਤੀ ਪਿੰਡ ਲਾਡਪੁਰ 'ਚ ਨਸ਼ਾ ਸਪਲਾਈ ਕਰਦਾ ਹੈ। ਪੁਲਿਸ ਵੱਲੋਂ ਮੌਕੇ 'ਤੇ ਪੁੱਜ ਕੇ ਮੁਲਜ਼ਮ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਮੁਲਜ਼ਮ ਕੋਲੋਂ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ। ਮੁਲਜ਼ਮ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।