ਫਤਹਿਗੜ੍ਹ ਸਾਹਿਬ :ਬੀਤੀ ਰਾਤ ਤੇਜ਼ ਹਨ੍ਹੇਰੀ ਦੇ ਕਾਰਨ ਜਿੱਥੇ ਫਤਹਿਗੜ੍ਹ ਸਾਹਿਬ ਦੇ ਵੱਖ-ਵੱਖ ਹਿੱਸਿਆਂ ਵਿੱਚ ਨੁਕਸਾਨ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਉੱਥੇ ਹੀ ਜ਼ਿਲ੍ਹੇ ਦੇ ਪਿੰਡ ਭਮਾਰਸੀ ਜੇਰ ਵਿਖੇ ਕਮਿਊਨਿਟੀ ਹਾਲ ਉੱਤੇ ਅਸਮਾਨੀ ਬਿਜਲੀ ਡਿੱਗਣ ਸਮਾਚਾਰ ਹੈ। ਜਿਸ ਨਾਲ ਇੱਥੇ ਦੀ ਇਮਾਰਤ ਨੂੰ ਤਰੇੜਾਂ ਆ ਗਈਆਂ ਅਤੇ ਕਮਿਊਨਿਟੀ ਹਾਲ ਦੀ ਛੱਤ ਉੱਤੇ ਡਾਊਨ ਸਿਲਿੰਗ ਵੀ ਬੁਰੀ ਤਰ੍ਹਾਂ ਟੁੱਟ ਗਈ। ਜਿਸ ਦਾ ਜਾਇਜ਼ਾ ਲੈਣ ਦੇ ਹਲਕੇ ਦੇ ਵਿਧਾਇਕ ਲਖਵੀਰ ਸਿੰਘ ਰਾਏ ਮੌਕੇ ਉੱਤੇ ਪਹੁੰਚੇ।
ਇਸ ਮੌਕੇ ਗੱਲਬਾਤ ਕਰਦੇ ਹੋਏ ਫਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਨੇ ਕਿਹਾ ਕਿ ਉਕਤ ਘਟਨਾ ਬੇਸ਼ਕ ਤੇਜ਼ ਹਵਾਵਾਂ ਅਤੇ ਬਿਜਲੀ ਡਿੱਗਣ ਦੇ ਕਾਰਨ ਵਾਪਰੀ ਹੈ ਪਰ ਇਸ ਨੂੰ ਬਣਾਉਣ ਵਾਲੇ ਅਧਿਕਾਰੀ ਜ਼ਿੰਮੇਵਾਰ ਹਨ। ਜਿਨ੍ਹਾਂ ਨੇ ਲੱਖਾਂ ਰੁਪਏ ਇਮਾਰਤ ਉੱਤੇ ਲਾ ਦਿੱਤੇ ਪਰ ਬਿਜਲੀ ਡਿੱਗਣ ਤੋਂ ਬਚਾਅ ਸਬੰਧੀ ਬਿਜਲੀ ਯੰਤਰ ਨਹੀਂ ਲਾਇਆ। ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ ਅਤੇ ਸਬੰਧਤ ਅਧਿਕਾਰੀਆਂ ਨੂੰ ਜਵਾਬਦੇਹ ਬਣਾਇਆ ਜਾਵੇਗਾ।