ਚੰਡੀਗੜ੍ਹ: ਦੇਸ਼ ਭਰ ’ਚ ਕੇਂਦਰ ਸਰਕਾਰ ਦੀ ਅਗਨੀਪਥ ਸਕੀਮ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਨੌਜਵਾਨਾਂ ਵੱਲੋਂ ਕਈ ਥਾਵਾਂ ਤੇ ਗੱਡੀਆਂ ਅਤੇ ਬੱਸਾਂ ਨੂੰ ਅੱਗ ਵੀ ਲਾਈ ਗਈ ਹੈ। ਹੁਣ ਇਹ ਅੱਗ ਪੰਜਾਬ ’ਚ ਵੀ ਦੇਖਣ ਨੂੰ ਮਿਲਣ ਲੱਗੀ ਹੈ। ਲੁਧਿਆਣਾ ਅਤੇ ਜਲੰਧਰ ਚ ਵੀ ਨੌਜਵਾਨਾਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਹੈ। ਉੱਥੇ ਹੀ ਹੁਣ ਚੰਡੀਗੜ੍ਹ ਚ ਯੁੱਥ ਕਾਂਗਰਸ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ।
ਦੱਸ ਦਈਏ ਕਿ ਚੰਡੀਗੜ੍ਹ ਚ ਅਗਨੀਪਥ ਯੋਜਨਾ ਦੇ ਖਿਲਾਫ ਯੁੱਥ ਕਾਂਗਰਸ ਨੇ ਵਿਰੋਧ ਪ੍ਰਦਰਸ਼ਨ ਕੀਤਾ। ਯੁੱਥ ਕਾਂਗਰਸ ਨੇ ਪੰਜਾਬ ਰਾਜਭਵਨ ਦੇ ਕੋਲ ਵਿਰੋਧ ਪ੍ਰਦਰਸ਼ਨ ਕੀਤਾ। ਕਾਂਗਰਸ ਵਰਕਰਾਂ ਨੂੰ ਰੋਕਣ ਦੇ ਲਈ ਵੱਡੀ ਗਿਣਤੀ ’ਚ ਪੁਲਿਸ ਫੋਰਸ ਤਿਆਰ ਸੀ। ਪੁਲਿਸ ਵੱਲੋਂ ਰੋਸ ਪ੍ਰਦਰਸ਼ਨ ਕਰ ਰਹੇ ਯੁੱਥ ਕਾਂਗਰਸ ਵਰਕਰਾਂ ਨੂੰ ਹਿਰਾਸਤ ਚ ਵੀ ਲਿਆ।
ਅਗਨੀਪਥ ਸਕੀਮ ਦੇ ਖਿਲਾਫ ਯੁੱਥ ਕਾਂਗਰਸ ਦਾ ਵਿਰੋਧ ਪ੍ਰਦਰਸ਼ਨ ਮਿਲੀ ਜਾਣਕਾਰੀ ਮੁਤਾਬਿਕ ਪ੍ਰਦਰਸ਼ਨ ਕਰ ਰਹੇ ਯੁੱਥ ਕਾਂਗਰਸ ਦੇ ਵਰਕਰ ਰਾਜ ਭਵਨ ਜਾਣਾ ਚਾਹੁੰਦੇ ਸੀ ਪਰ ਪੁਲਿਸ ਨੇ ਉਨ੍ਹਾਂ ਨੂੰ ਅੱਗੇ ਜਾਣ ਨਹੀਂ ਦਿੱਤਾ। ਇਸ ਦੌਰਾਨ ਪ੍ਰਦਰਸ਼ਨਕਾਰੀ ਆਪਣੇ ਨਾਲ ਟਾਇਰ ਲੈ ਕੇ ਆਏ ਹੋਏ ਸੀ। ਫਿਲਹਾਲ ਚੰਡੀਗੜ੍ਹ ਪੁਲਿਸ ਨੇ ਯੁੱਥ ਕਾਂਗਰਸ ਦੇ ਵਰਕਰਾਂ ਨੂੰ ਜਬਰਨ ਚੁੱਕ ਕੇ ਬੱਸ ਚ ਬਿਠਾ ਦਿੱਤਾ।
ਇਹ ਵੀ ਪੜੋ:ਅਗਨੀਪਥ ਯੋਜਨਾ ਦਾ ਲੁਧਿਆਣਾ ਅਤੇ ਜਲੰਧਰ 'ਚ ਵਿਰੋਧ, 4 ਗ੍ਰਿਫਤਾਰ, 17 ਟਰੇਨਾਂ ਰੱਦ
ਕੀ ਹੈ ਅਗਨੀਪਥ ਸਕੀਮ:ਦੱਸ ਦਈਏ ਕਿ ਕੇਂਦਰ ਸਰਕਾਰ ਵੱਲੋਂ ਫੌਜੀਆਂ ਦੀ ਭਰਤੀ ਨੂੰ ਲੈ ਕੇ ਅਗਨੀਪਥ ਸਕੀਮ ਬਣਾਈ ਗਈ ਸੀ। ਜਿਸ ਚ ਨੌਜਵਾਨਾਂ ਨੂੰ 4 ਸਾਲ ਦੀ ਨੌਕਰੀ ਦਿੱਤੀ ਜਾਵੇਗੀ। ਇਨ੍ਹਾਂ ਚਾਰ ਸਾਲਾਂ ਚ ਨੌਜਵਾਨਾਂ ਨੂੰ ਪਹਿਲਾਂ ਟ੍ਰੇਨਿੰਗ ਦਿੱਤੀ ਜਾਵੇਗੀ। 4 ਸਾਲ ਬਾਅਦ ਇਨ੍ਹਾਂ ਨੌਜਵਾਨਾਂ ਚ ਸਿਰਫ 25 ਨੌਜਵਾਨਾਂ ਨੂੰ ਫੌਜ ਚ ਰੱਖਿਆ ਜਾਵੇਗਾ। ਬਾਕੀ 75 ਫੀਸਦ ਨੂੰ ਕੱਢ ਦਿੱਤਾ ਜਾਵੇਗਾ। ਇਸ ਭਰਤੀ ’ਚ ਨੌਜਵਾਨਾਂ ਦੀ ਉਮਰ 17 ਤੋਂ 21 ਸਾਲ ਰੱਖੀ ਗਈ ਸੀ। ਪਰ ਬਾਅਦ ਚ ਨੌਜਵਾਨਾਂ ਵੱਲੋਂ ਵਿਰੋਧ ਕੀਤੇ ਜਾਣ ਤੋਂ ਬਾਅਦ ਇਸ ਨੂੰ 23 ਸਾਲ ਕਰ ਦਿੱਤਾ ਗਿਆ।