ਚੰਡੀਗੜ੍ਹ: ਸਾਲ 2015 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੀ ਘਟਨਾ 2017 ਦੀਆਂ ਚੋਣਾਂ ਵਿੱਚ ਮੁੱਖ ਮੁੱਦਿਆਂ ਵਿੱਚੋਂ ਇੱਕ ਸੀ। ਉਸੇ ਦਰਮਿਆਨ ਡਰੱਗਜ਼ ਧੰਦਾ ਦੂਜਾ ਵੱਡਾ ਚੋਣ ਮੁੱਦਾ ਰਿਹਾ ਸੀ ਜਦੋਂਕਿ ਮਹਿੰਗੀ ਰੇਤ ਵੀ ਇੱਕ ਵੱਡੇ ਮੁੱਦਾ ਬਣ ਕੇ ਉਭਰਿਆ ਸੀ। ਇਨ੍ਹਾਂ ਮੁੱਦਿਆਂ ’ਤੇ ਜਿੱਥੇ ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਕੈਪਟਨ ਅਮਰਿੰਦਰ ਨੇ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਚਾਰ ਹਫਤਿਆਂ ਵਿੱਚ ਨਸ਼ਿਆਂ ਦਾ ਲੱਕ ਤੋੜਨ ਤੇ ਬੇਅਦਬੀ ਦੇ ਦੋਸ਼ੀਆਂ ਨੂੰ ਸਜਾ ਦਿਵਾਉਣ ਦਾ ਵਾਅਦਾ ਕਰਕੇ ਸੱਤਾ ਹਾਸਲ ਕੀਤੀ ਸੀ, ਉਥੇ ਪਿਛਲੇ ਪੰਜ ਸਾਲ ਸਾਰੀਆਂ ਧਿਰਾਂ ਬੇਅਦਬੀ ਦੇ ਦੋਸ਼ੀਆਂ ਵਿਰੁੱਧ ਕਾਰਵਾਈ ਨੂੰ ਲੈ ਕੇ ਸ਼ੋਰ ਸ਼ਰਾਬਾ ਕਰਦੀਆਂ (Punjab politics)ਰਹੀਆਂ।
ਪੰਜ ਸਾਲ ਬਾਅਦ ਹੁਣ ਜਦੋਂ ਫੇਰ ਪੰਜਾਬ ਵਿਧਾਨ ਸਭਾ ਚੋਣਾਂ (Punjab assembly election 2022) ਹੋ ਰਹੀਆਂ ਹਨ ਤਾਂ ਮੁੜ ਬੇਅਦਬੀ, ਡਰੱਗਜ਼ ਤੇ ਮਾਈਨਿੰਗ ਮੁੱਦਿਆਂ (sacrilege, drugs and mining issues)’ਤੇ ਰਾਜਨੀਤੀ ਹੋ ਰਹੀ ਹੈ, ਹਾਲਾਂਕਿ ਕਿਸਾਨਾਂ ਦੀ ਪਾਰਟੀ ਸੰਯੁਕਤ ਕਿਸਾਨ ਮੋਰਚਾ ਨੂੰ ਛੱਡ ਕੇ ਅਜੇ ਹੋਰ ਕਿਸੇ ਵੀ ਸਿਆਸੀ ਧਿਰ ਨੇ ਚੋਣ ਮਨੋਰਥ ਪੱਤਰ ਜਾਰੀ ਨਹੀਂ ਕੀਤਾ, ਜਿਸ ਨਾਲ ਇਹ ਸਪਸ਼ਟ ਹੋ ਸਕੇ ਕਿ ਬੇਅਦਬੀ, ਡਰੱਗਜ਼ ਤੇ ਮਾਈਨਿੰਗ ਇਸ ਵਾਰ ਇਨ੍ਹਾਂ ਪਾਰਟੀਆਂ ਦਾ ਚੋਣ ਮੁੱਦਾ ਹੋਵੇਗਾ ਜਾਂ ਨਹੀਂ ਪਰ ਅਜੇ ਤੱਕ ਵਾਅਦਿਆਂ ਸਬੰਧੀ ਜਿਹੜੇ ਨੁਕਤੇ ਆਮ ਲੋਕਾਂ ਮੁਹਰੇ ਪਰੋਸੇ ਗਏ ਹਨ, ਉਨ੍ਹਾਂ ਵਿੱਚ ਭਾਜਪਾ ਅਤੇ ਆਮ ਆਦਮੀ ਪਾਰਟੀ ਨੇ ਬੇਅਦਬੀ ਤੇ ਨਸ਼ਾ ਤਸਕਰੀ ਦੀ ਰੋਕਥਾਮ ਨੂੰ ਥਾਂ ਦਿੱਤੀ ਹੈ।
ਚੋਣਾਂ ਨੂੰ ਲੈ ਕੇ ਪਾਰਟੀਆਂ ਵੱਲੋਂ ਹਾਲੇ ਚੋਣ ਮਨੋਰਥ ਪੱਤਰ ਜਾਰੀ ਕੀਤੇ ਜਾਣੇ ਹਨ, ਪਰ ਲਗਭਗ ਹਰ ਪਾਰਟੀ ਨੇ ਹੀ ਆਪਣੇ ਚੋਣ ਮਨੋਰਥ ਪੱਤਰ ਦੇ ਵੇਰਵੇ ਜਨਤਕ ਕਰ ਦਿੱਤੇ ਹਨ। ਕਿਉਂਕਿ ਪੰਜਾਬ ਦੀ ਵੱਡੀ ਆਬਾਦੀ ਪੇਂਡੂ ਖੇਤਰਾਂ ਵਿਚ ਰਹਿੰਦੀ ਹੈ ਅਤੇ ਉਹ ਖੇਤੀ ਅਤੇ ਮਜ਼ਦੂਰੀ ਨਾਲ ਸਬੰਧਤ ਹੈ। ਇਸ ਲਈ ਪਾਰਟੀਆਂ ਦੇ ਚੋਣ ਵਾਅਦਿਆਂ ਦਾ ਕੇਂਦਰ ਮਾਫੀਆ ਰਾਜ ਦਾ ਖਾਤਮਾ ਹੈ। ਇਸ ਤੋਂ ਇਲਾਵਾ ਬਿਜਲੀ, ਰੁਜ਼ਗਾਰ, ਔਰਤਾਂ ਦਾ ਸ਼ਸ਼ਕਤੀਕਰਨ, ਸਿਹਤ ਅਤੇ ਸਿੱਖਿਆ ਪ੍ਰਮੁੱਖ ਹੈ।
1. ਕਾਂਗਰਸ
ਕਾਂਗਰਸ ਪਾਰਟੀ ਨੇ ਹਾਲਾਂਕਿ ਨਵਜੋਤ ਸਿੱਧੂ ਦੇ ਪੰਜਾਬ ਮਾਡਲ ਨੂੰ ਆਪਣੇ ਚੋਣ ਮਨੋਰਥ ਪੱਤਰ ਵਿੱਚ ਥਾਂ ਦੇਣ ਦੀ ਗੱਲ ਕਹੀ ਹੈ ਪਰ ਇਸ ਤੋਂ ਪਹਿਲਾਂ ਸ਼ਰਾਬ, ਰੇਤ ਸਮੇਤ ਅਜਿਹੇ ਸਾਰੇ ਕਾਰੋਬਾਰਾਂ ਲਈ ਨਿਗਮ ਬਣਾਏ ਜਾਣ ਦੀ ਗੱਲ ਜਨਤਕ ਕਦੀ ਗੱਲ ਕੀਤੀ ਹੈ ਤੇ ਕਿਹਾ ਹੈ ਕਿ ਜਿਨ੍ਹਾਂ 'ਤੇ ਆਬਕਾਰੀ ਤੋਂ ਕਮਾਈ ਕਰਨ ਲਈ ਵੈਟ ਲਗਾਇਆ ਜਾਂਦਾ ਹੈ। ਨਿਗਮ ਬਣਾ ਕੇ ਰੇਤ ਵੇਚੀ ਜਾਵੇਗੀ। ਕਾਂਗਰਸ ਦੇ ਆਗੂ ਇਹ ਕਹਿੰਦੇ ਆਏ ਹਨ ਕਿ ਨਸ਼ਾ ਤਸਕਰੀ ਤੇ ਬੇਅਦਬੀ ਦੇ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਪਾਰਟੀ ਨੇ ਸਿੱਧੇ ਤੌਰ ’ਤੇ ਅਜੇ ਬੇਅਦਬੀ, ਡਰੱਗਜ਼ ਜਾਂ ਮਾਈਨਿੰਗ ਬਾਰੇ ਪੱਤੇ ਨਹੀਂ ਖੋਲ੍ਹੇ ਹਨ ਤੇ ਚੋਣ ਮਨੋਰਥ ਪੱਤਰ ਜਾਰੀ ਹੋਣ ’ਤੇ ਹੀ ਇਸ ਬਾਰੇ ਸਪਸ਼ਟ ਹੋ ਸਕੇਗਾ।
2. ਐਨਡੀਏ
ਐਨਡੀਏ ਦੇ ਸੰਕਲਪ ਪੱਤਰ ਵਿਚ ਬੇਅਦਬੀ ਲਈ ਜੀਰੋ ਸਹਿਣਸ਼ੀਲਤਾ ਦੀ ਨੀਤੀ, ਬੇਅਦਬੀ ਦੇ ਮਾਮਲਿਆਂ ਦੀ ਤੇਜ਼ੀ ਨਾਲ ਜਾਂਚ ਲਈ ਵਿਸ਼ੇਸ਼ ਟਾਸਕ ਫੋਰਸ ਅਤੇ ਫਾਸਟ ਟਰੈਕ ਅਦਾਲਤਾਂ ਦੀ ਸਥਾਪਨਾ ਅਤੇ ਬੇਅਦਬੀ ਖਿਲਾਫ ਬਣੇ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰਨ ਦਾ ਜ਼ਿਕਰ ਹੈ। ਸਰਹੱਦ ਪਾਰ ਦੇ ਅੱਤਵਾਦ, ਨਸ਼ੇ ਦੀ ਤਸਕਰੀ ਅਤੇ ਹਥਿਆਰਾਂ ਦੀ ਸਪਲਾਈ ਨੂੰ ਰੋਕਣ ਲਈ ਡਰੋਨ ਨਿਗਰਾਨੀ, ਇਲੈਕਟ੍ਰਿਕ ਫੈਸਾਂ ਅਤੇ ਪੁਲਿਸ ਚੌਕੀਆਂ ਦੇ ਨਿਰਮਾਣ ਵਰਗੇ ਸਖ਼ਤ ਕਦਮ ਚੁੱਕੇ ਜਾਣਗੇ।
ਜਿਕਰਯੋਗ ਹੈ ਕਿ ਐਨਡੀਏ ਵਿੱਚ ਇਸ ਵਾਰ ਕੈਪਟਨ ਅਮਰਿੰਦਰ ਸਿੰਘ ਸ਼ਾਮਲ ਹਨ ਤੇ ਪਿਛਲੀ ਵਾਲ ਉਨ੍ਹਾਂ ਨੇ ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਵਜੋਂ ਬੇਅਦਬੀ ਦੇ ਦੋਸ਼ੀਆਂ ਨੂੰ ਸਜਾ ਦੇਣ ਤੇ ਨਸ਼ਿਆਂ ਦਾ ਲੱਕ ਤੋੜਨ ਦੀ ਗੱਲ ਕਹੀ ਸੀ ਪਰ ਪਾਰਟੀ ਵਿੱਚੋਂ ਹੀ ਇਨ੍ਹਾਂ ਮੁੱਦਿਆਂ ’ਤੇ ਕਾਰਵਾਈ ਨਾ ਕੀਤੇ ਜਾਣ ਨੂੰ ਮੁੱਦਾ ਬਣਾ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲੁਹਾਇਆ ਗਿਆ। ਇਸ ਵਾਰ ਉਨ੍ਹਾਂ ਦੀ ਪੰਜਾਬ ਲੋਕ ਕਾਂਗਰਸ ਨੇ ਭਾਜਪਾ ਨਾਲ ਸਮਝੌਤਾ ਕੀਤਾ ਹੈ ਤੇ ਇੱਕ ਵਾਰ ਫੇਰ ਪੰਜ ਸਾਲ ਪੁਰਾਣੇ ਮੁੱਦਿਆਂ ਦੀ ਰਾਜਨੀਤੀ ਕੀਤੀ ਹੈ।
3. ਆਮ ਆਦਮੀ ਪਾਰਟੀ
ਆਮ ਆਦਮੀ ਪਾਰਟੀ ਨੇ ਆਪਣੇ ਵਾਅਦਿਆਂ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਗੱਲ ਕੀਤੀ ਹੈ ਤੇ ਨਾਲ ਹੀ ਸ਼ਾਂਤੀ ਅਤੇ ਭਾਈਚਾਰਾ ਕਾਇਮ ਕਰਨ ਦਾ ਵਾਅਦਾ ਕੀਤਾ ਹੈ। ਪਾਰਟੀ ਨੇ ਬੇਅਦਬੀ ਦੇ ਸਾਰੇ ਮਾਮਲਿਆਂ ਵਿੱਚ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਦੀ ਵੀ ਗੱਲ ਕਹੀ ਹੈ। ਹਾਲਾਂਕਿ ਮਾਈਨਿੰਗ ਮੁੱਦੇ ’ਤੇ ਪਾਰਟੀ ਨੇ ਅਜੇ ਤੱਕ ਕੋਈ ਵਾਅਦਾ ਨਹੀਂ ਕੀਤਾ ਹੈ ਪਰ ਇਸ ਦੇ ਆਗੂ ਇਹ ਕਹਿੰਦੇ ਆ ਰਹੇ ਹਨ ਕਿ ਨਜਾਇਦ ਮਾਈਨਿੰਗ ਬੰਦ ਕਰਵਾ ਕੇ ਇਸ ਦਾ ਸਾਰਾ ਮਾਲੀਆ ਸਰਕਾਰੀ ਖਜਾਨੇ ਵਿੱਚ ਲਿਆਂਦਾ ਜਾਵੇਗਾ ਤਾਂ ਜੋ ਪੰਜਾਬ ਦੀ ਆਰਥਕ ਹਾਲਤ ਸੁਧਾਰੀ ਜਾ ਸਕੇ। ਆਮ ਆਦਮੀ ਪਾਰਟੀ ਨੇ ਬੇਅਦਬੀ ਦਾ ਮੁੱਦਾ 2015 ਵਿੱਚ ਵੀ ਚੁੱਕਿਆ ਸੀ ਤੇ ਉਸ ਵੇਲੇ ਬਰਗਾੜੀ ਮੋਰਚੇ ਵਿੱਚ ਆਮ ਆਦਮੀ ਪਾਰਟੀ ਨੇ ਵੀ ਵੱਡਾ ਹਿੱਸਾ ਪਾਇਆ ਸੀ। ਪਾਰਟੀ ਨੇ ਇਹ ਵੀ ਕਿਹਾ ਹੈ ਕਿ ਸਰਕਾਰ ਬਣੀ ਤਾਂ ਮਾਈਨਿੰਗ ਦੀ ਜਾਂਚ ਕਰਵਾ ਕੇ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
4. ਸੰਯੁਕਤ ਸਮਾਜ ਮੋਰਚਾ
ਇਸ ਪਾਰਟੀ ਨੇ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਹੈ। ਚੋਣ ਮਨੋਰਥ ਪੱਤਰ ਵਧੇਰੇ ਕਰਕੇ ਕਿਸਾਨੀ ਮੁੱਦਿਆਂ ’ਤੇ ਕੇਂਦ੍ਰਿਤ ਹੈ ਤੇ ਬੇਅਦਬੀ, ਡਰੱਗਜ਼ ਅਤੇ ਮਾਈਨਿੰਗ ਬਾਰੇ ਕਿਤੇ ਕੋਈ ਗੱਲ ਨਹੀਂ ਕੀਤੀ। ਹਾਲਾਂਕਿ ਕੌਮਾਂਤਰੀ ਵਪਾਰ ਤੇ ਸੁਰੱਖਿਆ ਬਾਰੇ ਕਿਹਾ ਗਿਆ ਹੈ ਕਿ ਪਾਕਿਸਤਾਨ ਨਾਲ ਅਟਾਰੀ ਅਤੇ ਹੁਸੈਨੀਵਾਲਾ ਬਾਰਡਰ ਨੂੰ ਖੋਲ੍ਹਣ ਦਾ ਮੁੱਦਾ ਭਾਰਤ ਸਰਕਾਰ ਕੋਲ ਉਠਾਇਆ ਜਾਵੇਗਾ।
5. ਸ਼੍ਰੋਮਣੀ ਅਕਾਲੀ ਦਲ
ਸ਼੍ਰੋਮਣੀ ਅਕਾਲੀ ਦਲ ਨੇ ਅਜੇ ਤੱਕ ਕੋਈ ਐਲਾਨ ਨਹੀਂ ਕੀਤੇ ਹਨ ਤੇ ਚੋਣ ਮਨੋਰਥ ਪੱਤਰ ਦਾ ਇੰਤਜਾਰ ਕੀਤਾ ਜਾ ਰਿਹਾ ਹੈ। ਉਂਜ ਬੇਅਦਬੀ ਅਤੇ ਡਰੱਗਜ਼ ਮੁੱਦੇ ’ਤੇ ਬੀਬੀ ਹਰਸਿਮਰਤ ਕੌਰ ਬਾਦਲ ਇਹ ਕਹਿ ਚੁੱਕੇ ਹਨ ਕਿ ਜੇਕਰ ਉਨ੍ਹਾਂ ਦੇ ਭਰਾ ਬਿਕਰਮ ਸਿੰਘ ਮਜੀਠੀਆ ਡਰੱਗਜ਼ ਧੰਦੇ ਵਿੱਚ ਸ਼ਾਮਲ ਹਨ ਤਾਂ ਕੱਖ ਨਾ ਰਹੇ। ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਮਜੀਠੀਆ ਦਾ ਇਸ ਧੰਦੇ ਨਾਲ ਕੋਈ ਲੈਣ ਦੇਣ ਨਹੀਂ ਹੈ। ਦੂਜੇ ਪਾਸੇ ਪ੍ਰਕਾਸ਼ ਸਿੰਘ ਬਾਦਲ ਨੇ ਇਹ ਕਿਹਾ ਸੀ ਕਿ ਉਨ੍ਹਾਂ ਦਾ ਪਰਿਵਾਰ ਤੇ ਅਕਾਲੀ ਦਲ ਪੂਰਾ ਸਮਾਂ ਸਿੱਖੀ ਦੀ ਸੇਵਾ ਕਰਦੇ ਰਹੇ ਤੇ ਬੇਅਦਬੀ ਦਾ ਸੁਆਲ ਹੀ ਨਹੀਂ ਉੱਠਦਾ। ਸੁਖਬੀਰ ਬਾਦਲ ਇਹ ਕਹਿ ਚੁੱਕੇ ਹਨ ਕਿ ਉਨ੍ਹਾਂ ਨੂੰ ਅਫਸੋਸ ਹੈ ਕਿ ਬੇਅਦਬੀ ਦੀ ਘਟਨਾ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਵਿੱਚ ਵਾਪਰੀ। ਜਿਕਰਯੋਗ ਹੈ ਕਿ ਵਿਰੋਧੀ ਧਿਰਾਂ ਬੇਅਦਬੀ ਅਤੇ ਡਰੱਗਜ਼ ਮੁੱਦਿਆਂ ’ਤੇ ਸ਼੍ਰੋਮਣੀ ਅਕਾਲੀ ਦਲ ਤੇ ਖਾਸ ਕਰਕੇ ਬਾਦਲ ਪਰਿਵਾਰ ਨੂੰ ਘੇਰਦੇ ਰਹੇ ਹਨ।
ਆਪਣੇ ਚੋਣ ਮੈਨੀਫੈਸਟੋ ਵਿੱਚ ਹਾਲਾਂਕਿ ਬੇਅਦਬੀ ਮੁੱਦੇ ਬਾਰੇ ਅਕਾਲੀ ਦਲ ਨੇ ਕੋਈ ਗੱਲ ਨਹੀਂ ਕੀਤੀ ਤੇ ਕਾਨੂੰਨ ਵਿਵਸਥਾ ਸੁਧਾਰਨ ’ਤੇ ਕੀਤੇ ਜਾਣ ਵਾਲੇ ਕੰਮਾਂ ਦਾ ਜਿਕਰ ਕੀਤਾ ਹੈ ਪਰ ਪੰਜਾਬ ਵਿੱਚ ਫੈਲੇ ਨਸ਼ਿਆਂ ਬਾਰੇ ਤੇ ਮਾਈਨਿੰਗ ਬਾਰੇ ਮੈਨੀਫੈਸਟੋ ਵਿੱਚ ਪੂਰੀ ਥਾਂ ਦਿੱਤੀ ਗਈ।