ਚੰਡੀਗੜ੍ਹ:ਪੰਜਾਬ ਦੀਆਂ ਸਾਲ 2017 ਦੀਆਂ ਵਿਧਾਨਸਭਾ ਚੋਣਾਂ ਤੋਂ ਐਨ ਪਹਿਲਾਂ ਉਸ ਸਮੇਂ ਦੀ ਅਕਾਲੀ ਭਾਜਪਾ ਸਰਕਾਰ ਵੱਲੋਂ ਵਿਸ਼ਵ ਕਬੱਡੀ ਕੱਪ ਕਰਵਾ ਕੇ ਆਪਣੀ ਵਾਹ ਵਾਹੀ ਤਾਂ ਖੱਟ ਲਈ ਪਰ ਜਿੰਨ੍ਹਾਂ ਹੋਟਲ ਮਾਲਕਾਂ ਅਤੇ ਪ੍ਰਾਈਵੇਟ ਫਰਮਾਂ ਨੇ ਖਰਚੇ ਕੀਤੇ ,ਉਹ ਅਜੇ ਤੱਕ ਆਪਣੇ ਪੈਸੇ ਲੈਣ ਵਾਸਤੇ ਸਰਕਾਰ ਦਰਬਾਰ ਦੇ ਧੱਕੇ ਖਾ ਰਹੇ ਹਨ । ਦਰਅਸਲ 2016 ਵਿੱਚ 4 ਤੋਂ 17 ਨਵੰਬਰ ਤੱਕ ਛੇਵਾਂ ਵਿਸ਼ਵ ਕਬੱਡੀ ਕੱਪ ਕਰਵਾਇਆ ਗਿਆ ਜਿਸ ਦਾ ਉਦਘਾਟਨ 3 ਨਵੰਬਰ ਨੂੰ ਰੋਪੜ ਅਤੇ ਸਮਾਪਤੀ ਜਲਾਲਾਬਾਦ ਵਿਖੇ ਹੋਈ।
ਇਸ ਵਿਸ਼ਵ ਕਬੱਡੀ ਕੱਪ ਦੇ ਵਿੱਚ ਕੁੱਲ 12 ਮੁਲਕਾਂ ਦੀਆਂ ਟੀਮਾਂ ਨੇ ਸ਼ਮੂਲੀਅਤ ਕੀਤੀ ਅਤੇ ਇਸ ਵਿਸ਼ਵ ਕਬੱਡੀ ਕੱਪ ਵਿੱਚ ਭਾਰਤ ਚੈਂਪੀਅਨ ਰਿਹਾ । ਮਿਲੀ ਜਾਣਕਾਰੀ ਮੁਤਾਬਕ ਉਸ ਵੇਲੇ ਸਰਕਾਰ ਨੇ ਤਕਰੀਬਨ 3.60 ਕਰੋੜਾਂ ਰੁਪਏ ਖਰਚ ਕੀਤੇ ਸਨ । ਜਿਸ ਵਾਸਤੇ ਪੰਜਾਬ ਦੇ ਅੱਠ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਵੱਲੋਂ ਮਹਿਮਾਨਾਂ ਨੂੰ ਬਠਿੰਡਾ ਦੇ ਲਗਜ਼ਰੀ ਹੋਟਲਾਂ ਵਿੱਚ ਠਹਿਰਾਇਆ ਗਿਆ । ਪਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਤਕਰੀਬਨ ਪੰਜ ਸਾਲ ਪੂਰੇ ਹੋਣ ਨੂੰ ਆਏ ਪਰ ਅਜੇ ਤੱਕ ਕਈ ਹੋਟਲਾਂ ਦੇ ਕਰੀਬ 80 ਲੱਖ ਦੇ ਬਕਾਏ ਸਰਕਾਰ ਵੱਲ ਖੜ੍ਹੇ ਹਨ । ਹੋਟਲ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਦਾ ਕਹਿਣ ਹੈ ਕਿ ਉਹ ਸਰਕਾਰ ਅੱਗੇ ਵਾਰ ਵਾਰ ਅਪੀਲ ਕਰ ਚੁੱਕੇ ਹਨ ਪਰ ਅਜੇ ਤੱਕ ਸਰਕਾਰਾਂ ਵੱਲੋਂ ਪੈਸੇ ਨਹੀਂ ਦਿੱਤੇ ਗਏ।