ਚੰਡੀਗੜ੍ਹ: ਜਲੰਧਰ ਨਾਲ ਸਬੰਧਿਤ ਦੇਸ਼ ਲਈ ਮੈਡਲ ਜਿੱਤਣ ਵਾਲੀ ਡੈੱਫ ਖਿਡਾਰਨ ਵੱਲੋਂ ਚੰਨੀ ਸਰਕਾਰ ਉੱਤੇ ਵੱਡੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਸ਼ਤਰੰਜ ਖਿਡਾਰਨ ਮਲਿਕਾ ਹਾਂਡਾ (World champion Malika Handa) ਨੇ ਕਿਹਾ ਕਿ ਸੂਬਾ ਸਰਕਾਰ ਆਪਣੇ ਵਾਅਦੇ ਪੂਰੇ ਕਰਨ ਵਿੱਚ ਫੇਲ੍ਹ ਸਾਬਿਤ ਹੋਈ ਹੈ।
ਖਿਡਾਰਨ ਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਸੂਬਾ ਸਰਕਾਰ ਖਿਲਾਫ਼ ਜੰਮਕੇ ਭੜਾਸ ਕੱਢਦੀ ਨਜ਼ਰ ਆ ਰਹੀ ਹੈ। ਖਿਡਾਰਨ ਦੀ ਇਸ ਵੀਡੀਓ ਤੋਂ ਬਾਅਦ ਚੰਨੀ ਸਰਕਾਰ ਮੁਸ਼ਲਿਕਾਂ ਵਿੱਚ ਘਿਰਦੀ ਨਜ਼ਰ ਆ ਰਹੀ ਹੈ।
ਮਲਿਕਾ ਹਾਂਡਾ ਨੇ ਆਪਣੇ ਸੋਸ਼ਲ ਖਾਤੇ ਉੱਤੇ ਦੱਸਿਆ ਹੈ ਕਿ ਉਸ ਵੱਲੋਂ ਨੌਕਰੀ ਦੇ ਸਬੰਧ ਵਿੱਚ ਹਾਲ ਹੀ ਵਿੱਚ ਖੇਡ ਮੰਤਰੀ ਪਰਗਟ ਸਿੰਘ ਨਾਲ ਮੁਲਾਕਾਤ ਕੀਤੀ ਗਈ ਹੈ। ਖਿਡਾਰਨ ਨੇ ਦੱਸਿਆ ਕਿ ਖੇਡ ਮੰਤਰੀ ਨੇ ਉਸਨੂੰ ਦੱਸਿਆ ਕਿ ਸੂਬਾ ਸਰਕਾਰ ਉਨ੍ਹਾਂ ਨੂੰ ਨੌਕਰੀ ਨਹੀਂ ਦੇ ਸਕਦੀ ਕਿਉਂਕਿ ਸਰਕਾਰ ਕੋਲ ਗੂੰਗੇ ਬੋਲੇ ਵਰਗ ਦੇ ਖਿਡਾਰੀਆਂ ਲਈ ਨੌਕਰੀ ਦੇਣ ਨੂੰ ਲੈਕੇ ਪਾਲਿਸੀ ਨਹੀਂ ਹੈ।
ਇਸਦੇ ਨਾਲ ਹੀ ਮਲਿਕਾ ਹਾਂਡਾ ਨੇ ਦੱਸਿਆ ਕਿ ਸਾਬਕਾ ਖੇਡ ਮੰਤਰੀ ਵੱਲੋਂ ਉਸ ਲਈ ਇਨਾਮੀ ਰਾਸ਼ੀ ਦੇ ਨਾਲ ਨਾਲ ਨੌਕਰੀ ਦੇਣ ਦੇ ਸਬੰਧ ਵਿੱਚ ਸੱਦਾ ਪੱਤਰ ਭੇਜਿਆ ਸੀ ਜੋ ਕਿ ਕੋਰੋਨਾ ਕਾਰਨ ਸਮਾਗਮ ਰੱਦ ਕਰ ਦਿੱਤਾ ਗਿਆ ਸੀ। ਹੁਣ ਖਿਡਾਰਨ ਨੇ ਸਰਕਾਰ ’ਤੇ ਇਲਜ਼ਾਮ ਲਗਾਉਂਦਿਆਂ ਕਿਹਾ ਗਿਆ ਹੈ ਕਿ ਸਰਕਾਰ ਵੱਲੋਂ ਉਸ ਨਾਲ ਕੀਤੇ ਵਾਅਦਾ ਪੂਰੇ ਕਰਨ ਵਿੱਚ ਫੇਲ੍ਹ ਸਾਬਿਤ ਹੋਈ ਹੈ।