ਚੰਡੀਗੜ੍ਹ: ਮੁਲਾਜ਼ਮ ਜੱਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਬੈਠਕ ਕੀਤੀ ਗਈ। ਮੁਲਾਜ਼ਮ ਜੱਥੇਬੰਦੀ ਦੇ ਆਗੂ ਮੇਘ ਸਿੰਘ ਨੇ ਗੱਲਬਾਤ ਦੌਰਾਨ ਮੀਟਿੰਗ ਨੂੰ ਬੇਸਿੱਟਾ ਦੱਸਿਆ ਅਤੇ ਸਰਕਾਰ 'ਤੇ ਜੰਮ ਕੇ ਨਿਸ਼ਾਨੇਬਾਜ਼ੀ ਵੀ ਕੀਤੀ। ਦੱਸਣਯੋਗ ਹੈ ਕਿ ਮੁਲਾਜ਼ਮਾਂ ਵੱਲੋਂ ਪੇਅ ਕਮੀਸ਼ਨ ਨੂੰ ਲਾਗੂ ਕਰਨ ਦੀ ਮੰਗ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਹੈ।
ਬੈਠਕ 'ਚ ਗੱਲਬਾਤ ਕਰਨ ਲਈ ਮੁਲਾਜ਼ਮਾਂ ਨੂੰ ਅਗਲੇ ਹਫ਼ਤੇ ਦਾ ਮੁੜ ਸਮਾਂ ਦਿੱਤਾ ਗਿਆ ਹੈ। ਮੇਘ ਸਿੰਘ ਨੇ ਦੱਸਿਆ ਕਿ ਸਰਕਾਰ ਹਰ ਵਾਰ ਖਜ਼ਾਨਾ ਖਾਲੀ ਹੋਣ ਦੀ ਗੱਲ ਆਖਦੀ ਹੈ, ਪਰ ਸਰਕਰ ਵੱਲੋਂ ਇਹ ਤਰਕ ਸਿਰਫ ਮੁਲਾਜ਼ਮਾਂ ਲਈ ਹੀ ਹੁੰਦਾ ਹੈ ਬਲਕਿ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਲਈ ਨਹੀਂ। ਮੇਘ ਸਿੰਘ ਨੇ ਕਿਹਾ ਕਿ ਸਰਕਾਰ ਦੇ ਨੁਮਾਇੰਦੇ ਮੋਟੀਆਂ ਤਨਖਾਹਾਂ ਦੇ ਨਾਲ ਨਾਲ ਪੈਨਸ਼ਨਾਂ ਵੀ ਲੈਂਦੇ ਹਨ ਪਰ ਸਰਕਾਰ ਉਨ੍ਹਾਂ ਦੇ ਵਾਧੂ ਖਰਚੇ ਬੰਦ ਕਰਨ ਦੀ ਥਾਂ ਮੁਲਾਜ਼ਮਾਂ ਨੂੰ ਹੀ ਖਜ਼ਾਨਾ ਖਾਲੀ ਹੋਣ ਦਾ ਬਹਾਨਾ ਬਣਾ ਰਹੀ ਹੈ।
ਉਨ੍ਹਾਂ ਕਿਹਾ ਕਿ ਕੋਰੋਨਾ ਸੰਕਟ ਦੀ ਆੜ 'ਚ ਸਰਕਾਰ ਮੁਲਾਜ਼ਮਾਂ ਦੀ ਮੰਗਾਂ ਨੂੰ ਲੈ ਕੇ ਟਾਲ ਮਟੋਲ ਕਰ ਰਹੀ ਹੈ। ਬੈਠਕ 'ਚ ਮੇਘ ਸਿੰਘ ਨੇ ਮਨਪ੍ਰੀਤ ਬਾਦਲ ਨੂੰ ਸਲਾਹ ਦਿੰਦਿਆਂ ਕਿਹਾ ਕਿ ਜੇਕਰ ਪੇਅ ਕਮਿਸ਼ਨ ਦੇ ਚੇਅਰਮੈਨ ਬਿਮਾਰ ਚੱਲ ਰਹੇ ਹਨ ਤਾਂ ਸੂਬੇ ਵਿੱਚ ਹੋਰ ਵੀ ਕਈ ਨੌਜਵਾਨ ਆਈਐਸ ਅਧਿਕਾਰੀ ਮੌਜੂਦ ਹਨ ਉਨ੍ਹਾਂ ਨੂੰ ਵੀ ਲਗਾਇਆ ਜਾ ਸਕਦਾ ਹੈ ਪਰ ਸਰਕਾਰ ਦੀ ਬਹਾਨੇਬਾਜ਼ੀ ਤੋਂ ਹੁਣ ਉਹ ਅੱਕ ਚੁੱਕੇ ਹਨ।
ਮੇਘ ਸਿੰਘ ਅਤੇ ਮੁਲਾਜ਼ਮ ਜੱਥੇਬੰਦੀਆਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਅਗਲੀ ਬੈਠਕ 'ਚ ਵੀ ਸਾਡੀਆਂ ਮੰਗਾਂ 'ਤੇ ਗੌਰ ਨਾ ਫਰਮਾਇਆ ਅਤੇ ਕੋਈ ਹਲ ਨਾ ਕੀਤਾ ਤਾਂ ਸੱਤ ਸੌ ਤੋਂ ਵੱਧ ਜੱਥੇਬੰਦੀਆਂ ਰਲ ਕੇ ਸਰਕਾਰ ਵਿਰੁੱਧ ਮੋਰਚਾ ਖੋਲ੍ਹਣਗੀਆਂ।
ਮੁਲਾਜ਼ਮ ਜਥੇਬੰਦੀ ਦੇ ਆਗੂਆਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਸਰਕਾਰ 'ਤੇ ਹੁਣ ਭਰੋਸਾ ਨਹੀਂ ਰਿਹਾ ਅਤੇ ਪਹਿਲਾਂ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਕਹਿਣ 'ਤੇ ਉਨ੍ਹਾਂ ਨੇ ਹੜਤਾਲ ਖ਼ਤਮ ਕਰ ਦਿੱਤੀ ਸੀ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਸੀ ਕਿ ਅਗਲੀ ਬੈਠਕ ਦੇ ਵਿੱਚ ਜੇ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਉਨ੍ਹਾਂ ਵੱਲੋਂ ਸੰਘਰਸ਼ ਮੁੜ ਤੋਂ ਸ਼ੁਰੂ ਕਰ ਦਿੱਤਾ ਜਾਵੇਗਾ।