ਚੰਡੀਗੜ੍ਹ: ਸ਼ੁੱਕਰਵਾਰ ਸ਼ਾਮ ਨੂੰ ਚੰਡੀਗੜ੍ਹ ਏਅਰਪੋਰਟ (Chandigarh Airport) ਤੋਂ ਦੁਬਈ ਜਾ ਰਹੀ ਫਲਾਈਟ ਨੰਬਰ 6E55 ਦੇ ਐਮਰਜੈਂਸੀ ਗੇਟ ਦੇ ਸਾਹਮਣੇ ਬੈਗ ਰੱਖਣ ਨੂੰ ਲੈਕੇ ਇਕ ਔਰਤ ਨੇ ਹੰਗਾਮਾ ਕਰ ਦਿੱਤਾ। ਇਸ ਦੌਰਾਨ ਫਲਾਈਟ ਦੇ ਕਰੂ ਮੈਂਬਰਾਂ ਨੇ ਉਸ ਨੂੰ ਕਾਫੀ ਸਮਝਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਔਰਤ ਕਾਫੀ ਦੇਰ ਤੱਕ ਬੈਗ ਹਟਾਉਣ ਲਈ ਤਿਆਰ ਨਾ ਹੋਈ ਤਾਂ ਕਰੂ ਮੈਂਬਰਾਂ ਨੇ ਸੀ.ਆਈ.ਐੱਸ.ਐੱਫ. ਸੁਰੱਖਿਆ ਕਰਮੀਆਂ ਨੂੰ ਬੁਲਾ ਲਿਆ। ਸੁਰੱਖਿਆ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਔਰਤ ਨੂੰ ਉਸ ਦੇ ਮਾਤਾ-ਪਿਤਾ ਸਮੇਤ ਜਹਾਜ਼ 'ਚੋਂ ਬਾਹਰ ਕੱਢ ਦਿੱਤਾ। ਹੰਗਾਮੇ ਕਾਰਨ ਫਲਾਈਟ ਕਰੀਬ ਤਿੰਨ ਘੰਟੇ ਦੇਰੀ ਨਾਲ ਰਵਾਨਾ ਹੋਈ।
ਮਹਿਲਾ ਵਲੋਂ ਹੰਗਾਮਾ: ਇੰਡੀਗੋ ਦਾ ਜਹਾਜ਼ ਸ਼ਾਮ 5:40 ਵਜੇ ਚੰਡੀਗੜ੍ਹ ਹਵਾਈ ਅੱਡੇ ਤੋਂ ਦੁਬਈ ਲਈ ਰਵਾਨਾ ਹੋ ਰਿਹਾ ਸੀ। ਜਹਾਜ਼ 'ਚ ਸਫਰ ਕਰ ਰਹੇ ਯਾਤਰੀ ਨੇ ਦੱਸਿਆ ਕਿ ਇਕ 44 ਸਾਲਾ ਔਰਤ ਆਪਣੇ ਮਾਤਾ-ਪਿਤਾ ਨਾਲ ਸਫਰ ਕਰਨ ਲਈ ਜਹਾਜ਼ 'ਚ ਸਵਾਰ ਹੋਈ ਸੀ। ਜਹਾਜ਼ 'ਚ ਪਹੁੰਚਣ 'ਤੇ ਮਹਿਲਾ ਨੇ ਆਪਣਾ ਇਕ ਬੈਗ ਐਮਰਜੈਂਸੀ ਗੇਟ ਕੋਲ ਰੱਖਿਆ।
ਸੁਰੱਖਿਆ ਮੁਲਾਜ਼ਮਾਂ ਨੂੰ ਬੁਲਾਇਆ:ਕਰੂ ਮੈਂਬਰਾਂ ਨੇ ਔਰਤ ਨੂੰ ਆਪਣਾ ਬੈਗ ਉੱਪਰ ਲੱਗੇ ਸਮਾਨ ਵਾਲੇ ਡੱਬੇ ਵਿੱਚ ਰੱਖਣ ਲਈ ਕਿਹਾ। ਔਰਤ ਨੇ ਬੈਗ ਹਟਾਉਣ ਤੋਂ ਇਨਕਾਰ ਕਰ ਦਿੱਤਾ। ਕਰੂ ਮੈਂਬਰਾਂ ਨੇ ਉਸ ਨੂੰ ਬਹੁਤ ਸਮਝਾਇਆ, ਪਰ ਉਹ ਨਹੀਂ ਮੰਨੀ। ਇੱਕ ਘੰਟੇ ਤੋਂ ਵੱਧ ਸਮੇਂ ਤੱਕ ਬਹਿਸ ਤੋਂ ਬਾਅਦ, ਕਰੂ ਮੈਂਬਰਾਂ ਨੇ ਸੁਰੱਖਿਆ ਕਰਮਚਾਰੀਆਂ ਨੂੰ ਬੁਲਾਇਆ ਅਤੇ ਉਸਨੂੰ ਬਾਹਰ ਕੱਢਿਆ।