ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਵੱਲੋਂ ਜ਼ਹਿਰੀਲੀ ਸ਼ਰਾਬ ਮਾਮਲੇ 'ਤੇ ਆਪਣੀ ਹੀ ਪਾਰਟੀ ਖ਼ਿਲਾਫ਼ ਆਵਾਜ਼ ਉਠਾਉਣ ਨੂੰ ਲੈ ਕੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿਖ ਕਾਰਵਾਈ ਦੀ ਮੰਗ ਕੀਤੀ ਹੈ।
ਜਾਖੜ ਨੇ ਕਿਹਾ ਕਿ ਇਸ ਘਟਨਾ 'ਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨਾਲ ਉਨ੍ਹਾਂ ਦੀ ਹਮਦਰਦੀ ਹੈ ਪਰ ਅਜਿਹੀਆਂ ਘਟਨਾਵਾਂ ਨਾਲ ਕਿਸੇ ਵਿਅਕਤੀ ਨੂੰ ਪਾਰਟੀ ਦਾ ਅਨੁਸ਼ਾਸਨ ਭੰਗ ਕਰਨ ਦਾ ਲਾਇਸੈਂਸ ਨਹੀਂ ਮਿਲ ਜਾਂਦਾ।
ਦੂਲੋ ਤੇ ਬਾਜਵਾ ਨੂੰ ਬਾਹਰ ਦਾ ਰਾਹ ਵਿਖਾਉਣਾ ਜ਼ਰੂਰੀ: ਜਾਖੜ ਜਾਖੜ ਨੇ ਕਿਹਾ ਕਿ ਇਹ ਸਮਾਂ ਇਕਜੁੱਟ ਹੋਣ ਦਾ ਹੈ ਪਰ ਬਾਜਵਾ ਤੇ ਦੂਲੋ ਨੂੰ ਉਨ੍ਹਾਂ ਹੱਥਾਂ 'ਤੇ ਦੰਦੀ ਵੰਡਣ ਵਿੱਚ ਕੋਈ ਸ਼ਰਮ ਨਹੀਂ ਆਈ ਜੋ ਉਨ੍ਹਾਂ ਨੂੰ ਖਵਾਉਂਦੇ ਹਨ। ਜਾਖੜ ਨੇ ਕਿਹਾ ਕਿ ਇਹ ਦੋਵੇਂ ਜਿਸ ਥਾਲ਼ੀ 'ਚ ਖਾਂਦੇ ਹਨ ਉਸੇ ਵਿੱਚ ਛੇਕ ਕਰਦੇ ਹਨ।
ਪੀਪੀਸੀਸੀ ਚੀਫ਼ ਨੇ ਕਿਹਾ ਕਿ ਦੋਹਾਂ ਕਾਂਗਰਸੀ ਆਗੂਆਂ ਦਾ ਅਜਿਹਾ ਰਵੱਈਆ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਾਰਟੀ ਦੀ ਪਿੱਠ ਵਿੱਚ ਛੂਰਾ ਮਾਰਨ ਵਾਲੇ ਅਜਿਹੇ ਮੈਂਬਰਾਂ ਨੂੰ ਬਾਹਰ ਦਾ ਰਾਹ ਵਿਖਾ ਦੇਣਾ ਚਾਹੀਦਾ ਹੈ, ਇਸ ਤੋਂ ਪਹਿਲਾਂ ਕਿ ਉਹ ਪਾਰਟੀ ਦਾ ਕੋਈ ਵੱਡਾ ਨੁਕਸਾਨ ਕਰਨ।
ਦੱਸਣਯੋਗ ਹੈ ਕਿ ਸੂਬੇ ਵਿੱਚ ਨਕਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਦੇ ਮਾਮਲੇ ਵਿੱਚ ਬੀਤੇ ਦਿਨੀਂ ਸ਼ਮਸ਼ੇਰ ਸਿੰਘ ਦੂਲੋ ਅਤੇ ਪ੍ਰਤਾਪ ਸਿੰਘ ਬਾਜਵਾ ਪੰਜਾਬ ਰਾਜਪਾਲ ਵੀਪੀ ਸਿੰਘ ਬਦਨੌਰ ਨੂੰ ਮਿਲੇ। ਇਸ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਆਪਣੀ ਹੀ ਸਰਕਾਰ 'ਤੇ ਸਵਾਲ ਖੜ੍ਹੇ ਕੀਤੇ ਸਨ।
ਉਨ੍ਹਾਂ ਕਿਹਾ ਸੀ ਕਿ ਬਿਨ੍ਹਾਂ ਅਫ਼ਸਰਾਂ ਅਤੇ ਰਾਜਨੀਤਕ ਆਗੂਆਂ ਦੀ ਮਿਲੀਭੁਗਤ ਦੇ ਨਕਲੀ ਸ਼ਰਾਬ ਦਾ ਕਾਰੋਬਾਰ ਚੱਲ ਹੀ ਨਹੀਂ ਸਕਦਾ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਇਸ ਘਟਨਾ ਲਈ ਸਿੱਧੇ ਤੌਰ 'ਤੇ ਜ਼ਿੰਮੇਵਾਰ ਦੱਸਿਆ ਸੀ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਲਈ ਐਲਾਨੇ ਮੁਆਵਜ਼ੇ ਨੂੰ ਵੀ ਨਾਕਾਫੀ ਦੱਸਿਆ ਸੀ।