ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਉਹ ਤਾਲਾਬੰਦੀ ਹਟਾਉਣ ਦੇ ਮਾਮਲੇ ਵਿੱਚ ਇਸ ਸਬੰਧੀ ਬਣਾਈ ਗਈ ਮਾਹਰ ਕਮੇਟੀ ਦੀ ਸਲਾਹ 'ਤੇ ਚੱਲਣਗੇ।
ਪ੍ਰਮੁੱਖ ਉਦਯੋਗਪਤੀਆਂ, ਆਰਥਿਕ ਮਾਹਰਾਂ ਅਤੇ ਵੱਖ-ਵੱਖ ਦੇਸ਼ਾਂ ਦੇ ਰਾਜਦੂਤਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਤਾਲਾਬੰਦੀ ਜਾਂ ਕਰਫਿਊ ਹਟਾਉਣ ਬਾਰੇ ਕੋਈ ਵੀ ਫ਼ੈਸਲਾ 20 ਮੈਂਬਰੀ ਮਾਹਰ ਕਮੇਟੀ ਦੀਆਂ ਸਿਫਾਰਸ਼ਾਂ ਦੇ ਅਧਾਰ 'ਤੇ ਅਤੇ ਜ਼ਮੀਨੀ ਪੱਧਰ 'ਤੇ ਹਾਲਾਤਾਂ ਦਾ ਜਾਇਜ਼ਾ ਲੈਣ ਮਗਰੋਂ ਲਿਆ ਜਾਵੇਗਾ। ਉਮੀਦ ਜਤਾਈ ਜਾ ਰਹੀ ਹੈ ਕਿ ਇਹ ਕਮੇਟੀ ਸ਼ਨੀਵਾਰ ਤੱਕ ਆਪਣੀ ਰਿਪੋਰਟ ਜਮਾਂ ਕਰਵਾ ਦੇਵੇਗੀ।
ਪੰਜਾਬੀਆਂ ਦੀ ਜ਼ਿੰਦਗੀ ਨੂੰ ਅਹਿਮੀਅਤ ਨੂੰ ਮੁੜ ਦੁਹਰਾਉਂਦਿਆਂ ਕੈਪਟਨ ਨੇ ਕਿਹਾ, "ਮੇਰੇ ਪੰਜਾਬੀਆਂ ਦੀ ਜ਼ਿੰਦਗੀ ਵਧੇਰੇ ਮਹੱਤਵਪੂਰਨ ਹੈ। ਫੈਕਟਰੀਆਂ ਦੁਬਾਰਾ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ ਪਰ ਅਸੀਂ ਲੋਕਾਂ ਨੂੰ ਵਾਪਸ ਨਹੀਂ ਲਿਆ ਸਕਦੇ।
ਉਨ੍ਹਾਂ ਕਿਹਾ ਕਿ ਜੇ ਮਾਹਿਰ ਕਮੇਟੀ ਜਿਸ ਵਿੱਚ ਮੈਡੀਕਲ ਮਾਹਿਰ ਤੇ ਡਾਕਟਰ ਵੀ ਸ਼ਾਮਲ ਹਨ, ਅੰਸ਼ਕ ਰੂਪ ਜਾਂ ਪੂਰਾ ਖੋਲ੍ਹਣ ਦੀ ਸਿਫਾਰਸ਼ ਕਰਨਗੇ ਤਾਂ ਅਸੀ ਅਜਿਹਾ ਹੀ ਕਰਾਂਗੇ। ਉਨ੍ਹਾਂ ਐਲਾਨ ਕੀਤਾ, ”ਮੈਂ ਉਨ੍ਹਾਂ ਦੀ ਸਲਾਹ ਦੇ ਨਾਲ ਜਾਵਾਂਗਾ।” ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਲੋਕਾਂ ਦੀ ਸਿਹਤ ਉਨ੍ਹਾਂ ਦੀ ਸਭ ਤੋਂ ਵੱਡੀ ਤਰਜੀਹ ਹੈ ਹਾਲਾਂਕਿ ਸੂਬਾ ਸਰਕਾਰ ਇਸ ਗੱਲ ਤੋਂ ਜਾਣੂ ਹੈ ਕਿ ਲੌਕਡਾਊਨ ਨੂੰ ਅਣਮਿੱਥੇ ਸਮੇਂ ਲਈ ਨਹੀਂ ਰੱਖਿਆ ਜਾ ਸਕਦਾ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੇ ਪਿਛਲੇ 40 ਦਿਨਾਂ ਵਿੱਚ ਕੋਵਿਡ ਦੀਆਂ ਤਿੰਨ ਸਿਖਰਾਂ ਦੇਖੀਆਂ ਹਨ। ਉਨ੍ਹਾਂ ਕਿਹਾ ਕਿ ਸ਼ਾਇਦ ਇਹ ਸੰਭਵ ਨਹੀਂ ਹੈ ਕਿ ਮੁਕੰਮਲ ਲੌਕਡਊਨ ਨੂੰ ਕੁਝ ਹੋਰ ਸਮੇਂ ਲਈ ਹਟਾ ਲਿਆ ਜਾਵੇ ਪਰ ਫੇਰ ਵੀ ਸੂਬਾ ਸਰਕਾਰ ਮਾਹਿਰ ਕਮੇਟੀ ਦੀਆਂ ਸਿਫਾਰਸ਼ਾਂ ਅਤੇ ਜ਼ਮੀਨੀ ਹਕੀਕਤਾਂ ਦੇਖ ਕੇ ਪੜਤਾਲ ਕਰੇਗੀ।