ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਬਾਂਦਰ ਨੂੰ ਲੈ ਕੇ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਚੰਡੀਗੜ੍ਹ 'ਚ ਇੱਕ ਨੌਜਵਾਨ ਨੇ ਆਪਣੇ ਕੋਲ ਇੱਕ ਬਾਂਦਰ ਰੱਖਿਆ ਹੋਇਆ ਹੈ। ਇਸ ਨੂੰ ਲੈ ਕੇ ਪੈਟਾ ਸੰਸਥਾ ਵੱਲੋਂ ਉਕਤ ਨੌਜਵਾਨ ਖ਼ਿਲਾਫ਼ ਹਾਈ ਕੋਰਟ 'ਚ ਕੇਸ ਦਾਖ਼ਲ ਕੀਤਾ ਗਿਆ ਹੈ।
ਇਸ ਸਬੰਧ 'ਚ ਹਾਈ ਕੋਰਟ ਨੇ ਜੰਗਲਾਤ ਵਿਭਾਗ ਨੂੰ ਨੋਟਿਸ ਜਾਰੀ ਕਰ ਜਵਾਬ ਮੰਗਿਆ ਹੈ। ਜੰਗਲਾਤ ਵਿਭਾਗ ਦੇ ਅਧਿਕਾਰੀ ਨੇ ਇਸ ਕੇਸ ਸਬੰਧੀ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ।
ਜੰਗਲੀ ਜਾਨਵਰਾਂ ਨੂੰ ਘਰ 'ਚ ਰੱਖਣਾ ਗੈਰ ਕਾਨੂੰਨੀ ਜੰਗਲਾਤ ਵਿਭਾਗ ਦੇ ਆਈਐਸਐਫ ਅਧਿਕਾਰੀ ਦੇਵੇਂਦਰ ਦਲਾਈ ਨੇ ਦੱਸਿਆ ਕਿ ਜੰਗਲਾਤ ਵਿਭਾਗ ਨੂੰ ਇੱਕ ਨੌਜਵਾਨ , ਜੋ ਕਿ ਟੈਟੂ ਆਰਟਿਸ ਹੈ, ਵੱਲੋਂ ਘਰ 'ਚ ਬਾਂਦਰ ਰੱਖਣ ਦੀ ਸ਼ਿਕਾਇਤ ਮਿਲੀ ਸੀ। ਇਸ 'ਤੇ ਕਾਰਵਾਈ ਕਰਦੇ ਹੋਏ ਜੰਗਲਾਤ ਵਿਭਾਗ ਦੇ ਅਧਿਕਾਰੀ ਉਕਤ ਨੌਜਵਾਨ ਦੇ ਘਰ 2 ਤੋਂ 3 ਵਾਰ ਗਏ, ਪਰ ਉਨ੍ਹਾਂ ਨੂੰ ਖਾਲੀ ਹੱਥ ਮੁੜਨਾ ਪਿਆ। ਇਸ ਤੋਂ ਬਾਅਦ ਕੋਰਟ ਤੋਂ ਨੋਟਿਸ ਮਿਲਣ 'ਤੇ ਉਨ੍ਹਾਂ ਫਿਰ ਤੋਂ ਉਸ ਕੋਲੋਂ ਪੁੱਛਗਿੱਛ ਕੀਤੀ ਤਾਂ ਨੌਜਵਾਨ ਨੇ ਕਿਹਾ ਕਿ ਉਹ ਬਾਂਦਰ ਨੂੰ ਛੱਤਬੀੜ ਚਿੜਿਆ ਘਰ ਛੱਡ ਆਇਆ ਹੈ।
ਇਸ ਸਬੰਧ 'ਚ ਜਾਣਕਾਰੀ ਸਾਂਝੀ ਕਰਦਿਆਂ ਅਧਿਕਾਰੀ ਨੇ ਦੱਸਿਆ ਕਿ ਕਾਨੂੰਨੀ ਨਿਯਮਾਂ ਦੇ ਮੁਤਾਬਕ ਕੋਈ ਵੀ ਵਿਅਕਤੀ ਜੰਗਲੀ ਜਾਨਵਰ ਨੂੰ ਘਰ 'ਚ ਨਹੀਂ ਰੱਖ ਸਕਦਾ। ਜੰਗਲੀ ਜਾਨਵਰਾਂ ਨੂੰ ਆਪਣੇ ਘਰ 'ਚ ਰੱਖਣਾ ਕਾਨੂੰਨ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਟੈਟੂ ਆਰਟਿਸਟ ਤੇ ਉਸ ਦੇ ਮੈਨੇਜਰ ਨੇ ਕਾਨੂੰਨ ਦੀ ਉਲੰਘਣਾ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਜੰਗਲਾਤ ਵਿਭਾਗ ਦੀ ਵੈਬਸਾਈਟ 'ਤੇ ਇਸ ਬਾਰੇ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਕਿਹੜੇ ਜਾਨਵਾਰ ਘਰ 'ਚ ਰੱਖੇ ਜਾ ਸਕਦੇ ਹਨ ਅਤੇ ਕਿਹੜੇ ਨਹੀਂ। ਜੇਕਰ ਤੁਸੀਂ ਕਿਸੇ ਜਾਨਵਰ ਨੂੰ ਰੈਸਕਯੂ ਵੀ ਕਰਦੇ ਹੋ ਜਾਂ ਜ਼ਖਮੀ ਹਾਲਤ 'ਚ ਵੀ ਕਿਸੇ ਜੰਗਲੀ ਜਾਨਵਰ ਨੂੰ ਲਿਆਉਂਦੇ ਹੋ ਤਾਂ ਇਸ ਦੀ ਸੂਚਨਾ ਜੰਗਲਾਤ ਵਿਭਾਗ ਨੂੰ ਜ਼ਰੂਰ ਦਿਓ। ਰੈਸਕਯੂ ਤੇ ਜੰਗਲੀ ਜਾਨਵਰਾਂ ਦੀ ਮਦਦ ਲਈ ਜੰਗਲਾਤ ਵਿਭਾਗ ਨੂੰ ਸੂਚਨਾ ਦੇ ਕੇ ਤੁਸੀਂ ਕਾਨੂੰਨ ਦੀ ਉਲੰਘਣਾ ਤੇ 3 ਸਾਲ ਦੀ ਕੈਦ ਦੀ ਸਜ਼ਾ ਤੋਂ ਬਚ ਸਕਦੇ ਹੋ।
ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਹਾਈ ਕੋਰਟ 'ਚ ਹੈਬੀਅਸ ਕਾਰਪਸ ਪਟੀਸ਼ਨ ਦਾਖ਼ਲ ਕੀਤੀ ਗਈ ਹੈ। ਇਸ 'ਤੇ ਜੰਗਲਾਤ ਵਿਭਾਗ ਦੇ ਐਸਐਸਪੀ ਜਵਾਬ ਦਾਖ਼ਲ ਕਰਨਗੇ। ਉਨ੍ਹਾਂ ਕਿਹਾ ਕਿ ਦੱਸਣ 'ਤੇ ਸ਼ਿਕਾਇਤ ਦੇ ਬਾਅਦ ਨੌਜਵਾਨ ਨੇ ਬਾਂਦਰ ਨਾਲ ਆਪਣੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਸਨ। ਨੌਜਵਾਨ ਵੱਲੋਂ ਇਹ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਕਿ ਉਸ ਨੇ ਬਾਂਦਰ ਕਿਸ ਨੂੰ ਦਿੱਤਾ ਹੈ। ਉਥੇ ਹੀ ਦੂਜੇ ਪਾਸੇ ਉਕਤ ਨੌਜਵਾਨ ਨੇ ਕਿਹਾ ਕਿ ਉਸ ਨੂੰ ਇਸ ਕਾਨੂੰਨ ਬਾਰੇ ਜਾਣਕਾਰੀ ਨਹੀਂ ਸੀ।