ਚੰਡੀਗੜ੍ਹ: ਪਾਣੀਪਤ ਦੇ ਜਿਲ੍ਹਾ ਕੋਰਟ ’ਚ 75 ਸਾਲ ਦੇ ਬਜ਼ੁਰਗ ਟੇਕਰਾਮ ਨੂੰ ਆਪਣੀ 67 ਸਾਲ ਦੀ ਪਤਨੀ ਨੂੰ 9,000 ਰੁਪਏ ਪ੍ਰਤੀ ਮਹੀਨਾ ਗੁਜ਼ਾਰਾ ਭੱਤਾ ਦੇਣ ਦਾ ਹੁਕਮ ਜਾਰੀ ਕੀਤਾ ਹੈ। ਬਜ਼ੁਰਗ ਪਤੀ ਨੇ ਕੋਰਟ ਦੇ ਇਸ ਹੁਕਮ ਨੂੰ ਹਾਈਕੋਰਟ ’ਚ ਚੁਣੌਤੀ ਦਿੰਦਿਆ ਗੁਹਾਰ ਲਗਾਈ ਹੈ ਕਿ ਉਸਦੀ ਪਤਨੀ ਨੂੰ ਹਰਿਆਣਾ ਸਰਕਾਰ ਦੁਆਰਾ ਦਿੱਤੀ ਜਾ ਰਹੀ 2000 ਬੁਢਾਪਾ ਪੈਨਸ਼ਨ ਮਿਲਦੀ ਹੈ ਅਤੇ ਹਰ ਸਾਲ ਇਸ ਰਕਮ ’ਚ 200 ਰੁਪਏ ਦਾ ਵਾਧਾ ਹੁੰਦਾ ਹੈ ਤਾਂ ਅਜਿਹੇ ’ਚ ਉਹ ਆਪਣੀ ਪਤਨੀ ਨੂੰ ਗੁਜ਼ਾਰਾ ਭੱਤਾ ਕਿਉਂ ਦੇਵੇ।
ਪਾਣੀਪਤ ਜਿਲ੍ਹੇ ਦੇ ਵਾਸੀ 75 ਸਾਲਾਂ ਟੇਕਰਾਮ ਨੇ ਹਾਈ ਕੋਰਟ ਨੂੰ ਦੱਸਿਆ ਕਿ ਉਸਦਾ ਉਸਦੀ ਪਤਨੀ ਮਹਿੰਦਰੋ ਦੇਵੀ ਜੋ 67 ਸਾਲਾਂ ਦੀ ਹੈ ਨਾਲ ਘਰੇਲੂ ਵਿਵਾਦ ਚੱਲ ਰਿਹਾ ਹੈ। ਪਾਣੀਪਤ ਦੀ ਫੈਮਿਲੀ ਕੋਰਟ ਨੇ ਉਸਦੀ ਪਤਨੀ ਦੀ ਗੁਜ਼ਾਰਾ ਭੱਤੇ ਦੀ ਮੰਗ ’ਤੇ ਉਸਨੂੰ ਹਰ ਮਹੀਨੇ ₹9000 ਦੇਣ ਦਾ ਹੁਕਮ ਸੁਣਾਇਆ ਸੀ। ਪਤੀ ਨੇ ਦੱਸਿਆ ਕਿ ਉਸਦੀ ਪਤਨੀ ਉਸਦੇ ਬਣਾਏ ਘਰ ’ਚ ਰਹਿੰਦੀ ਹੈ, ਜਦੋਂ ਕਿ ਉਹ ਆਪਣੀ ਭੈਣ ਦੇ ਘਰ ਰਹਿੰਦਾ ਹੈ।