ਚੰਡੀਗੜ੍ਹ: SIT ਅਤੇ ਹਾਈਕੋਰਟ ਦੇ ਫ਼ੈਸਲੇ ਮਗਰੋਂ ਆਪਣੀ ਹੀ ਸਰਕਾਰ ਖ਼ਿਲਾਫ਼ ਨਵਜੋਤ ਸਿੱਧੂ ਵੱਲੋਂ ਵਾਰ-ਵਾਰ ਕੀਤੇ ਜਾ ਰਹੇ ਟਵੀਟਾਂ ਕਾਰਨ ਉਹ ਕਸੂਤੇ ਘਿਰਦੇ ਜੇ ਰਹੇ ਹਨ। ਬੀਤੇ ਦਿਨੀਂ ਸਿੱਧੂ ਨੇ ਆਪਣੇ ਟਵਿੱਟਰ ਅਕਾਊਂਟ ਦੀ ਪ੍ਰੋਫਾਈਲ ਤੋਂ ਕਾਂਗਰਸ ਦਾ ਨਾਮ ਹਟਾ ਦਿੱਤਾ ਅਤੇ ਆਪਣੀ ਹੀ ਸਰਕਾਰ ਨੂੰ ਪੰਜਾਬ ਦੇ ਸਭ ਤੋਂ ਅਹਿਮ ਇਸ ਕੇਸ ਨੂੰ ਠੰਢੇ ਬਸਤੇ ’ਚ ਪਾਉਣ ਅਤੇ ਲੀਹੋਂ ਲਾਹੁਣ ਲਈ ਜ਼ਿੰਮੇਵਾਰ ਠਹਿਰਾ ਰਹੇ ਹਨ। ਕੈਪਟਨ ਖ਼ਿਲਾਫ਼ ਬੋਲਣ ਵਾਲੇ ਨਵਜੋਤ ਸਿੱਧੂ ’ਤੇ ਰਵਨੀਤ ਬਿੱਟੂ ਅਤੇ ਵੇਰਕਾ ਤੋਂ ਬਾਅਦ ਹੁਣ ਪੰਜਾਬ ਦੇ ਸਹਿਕਾਰਤਾ ਅਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮੋਰਚਾ ਖੋਲ੍ਹ ਦਿੱਤਾ ਹੈ। ਸੁਖਜਿੰਦਰ ਸਿੰਘ ਰੰਧਾਵਾ ਨੇ ਬੇਅਦਬੀ ਅਤੇ ਗੋਲੀਕਾਂਡ ਦੇ ਮਾਮਲੇ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਵੱਲੋਂ ਜੋ ਬਿਆਨ ਦਿੱਤੇ ਹਨ, ’ਤੇ ਹੈਰਾਨਗੀ ਪ੍ਰਗਟ ਕੀਤੀ ਹੈ।
ਨਵਜੋਤ ’ਤੇ ਤੰਜ ਕਸਦੇ ਹੋਏ ਰੰਧਾਵਾ ਨੇ ਕਿਹਾ ਕਿ 2015 ’ਚ ਜਦੋਂ ਬੇਅਦਬੀ ਦੀ ਇਹ ਘਟਨਾ ਹੋਈ ਸੀ, ਉਹ ਸਮੇਂ ਨਵਜੋਤ ਸਿੱਧੂ ਬੀਜੇਪੀ ਦੇ ਸਾਂਸਦ ਸਨ ਅਤੇ ਉਨ੍ਹਾਂ ਦੀ ਪਤਨੀ ਪੰਜਾਬ ਦੀ ਚੀਫ ਪਾਰਲੀਮੈਂਟ ਸੈਕਟਰੀ ਸੀ। ਉਸ ਸਮੇਂ ਉਹ ਇਸ ਮਾਮਲੇ ਦੇ ਸਬੰਧ ’ਚ ਕਿਉਂ ਨਹੀਂ ਬੋਲੇ? ਉਦੋਂ ਉਨ੍ਹਾਂ ਨੇ ਅਤੇ ਉਨ੍ਹਾਂ ਦੀ ਪਤਨੀ ਨੇ ਬੇਅਦਬੀ ਅਤੇ ਗੋਲੀਕਾਂਡ ਦੇ ਮਾਮਲੇ ’ਤੇ ਇੱਕ ਵੀ ਸ਼ਬਦ ਨਹੀਂ ਬੋਲਿਆ ਸੀ। ਰੰਧਾਵਾ ਨੇ ਕਿਹਾ ਕਿ ਨਵਜੋਤ ਸਿੱਧੂ ਨੇ ਕਾਂਗਰਸ ਸਰਕਾਰ ਦੀ ਕਿਸੇ ਵੀ ਮੀਟਿੰਗ ’ਚ ਇਸ ਮੁੱਦੇ ਨੂੰ ਕਦੇ ਨਹੀਂ ਚੁੱਕਿਆ। ਉਸ ਦੇ ਨਾਲ ਹੀ ਉਸ ਦੀ ਪਤਨੀ ਨੇ ਵੀ ਕਦੇ ਇਸ ਸਬੰਧ ’ਚ ਕੋਈ ਮੁੱਦਾ ਨਹੀਂ ਚੁੱਕਿਆ। ਰੰਧਾਵਾ ਨੇ ਕਿਹਾ ਕਿ ਨਵਜੋਤ ਸਿੱਧੂ ਨੂੰ ਕਾਂਗਰਸ ਪਾਰਟੀ ਦੀ ਸਰਕਾਰ ਨੇ ਹਮੇਸ਼ਾ ਸਨਮਾਨ ਦਿੱਤਾ ਪਰ ਉਨ੍ਹਾਂ ਦਾ ਚਿਹਰਾ ਦੋਗਲਾ ਹੈ। ਇਸੇ ਲਈ ਉਨ੍ਹਾਂ ਨੇ ਕਿਹਾ ਕਿ ਸਿਆਸਤਦਾਨ ਨੂੰ ਦੋਹਰਾ ਚਿਹਰਾ ਨਹੀਂ ਰੱਖਣਾ ਚਾਹੀਦਾ। ਰੰਧਾਵਾ ਨੇ ਕਿਹਾ ਕਿ ਉਹ ਬੇਅਦਬੀ ਨੂੰ ਲੈ ਕੇ ਆਪਣੀ ਹੀ ਸਰਕਾਰ ’ਤੇ ਕਈ ਤਰ੍ਹਾਂ ਦੇ ਵਾਰ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਦੇ ਨਹੀਂ ਸੀ ਲਗਦਾ ਕਿ ਨਵਜੋਤ ਸਿੱਧੂ ਪਾਰਟੀ ਛੱਡ ਕੇ ਜਾਣਗੇ। ਰੰਧਾਵਾ ਨੇ ਕਿਹਾ ਕਿ ਵਿਧਾਨ ਸਭਾ ’ਚ ਜਦੋਂ ਵੀ ਅਕਾਲੀ ਦਲ ਨਵਜੋਤ ਸਿੱਧੂ ਨੂੰ ਟਾਰਗੇਟ ਕਰਦਾ ਸੀ, ਉਸ ਸਮੇਂ ਉਹ ਉਸ ਦੇ ਨਾਲ ਹਮੇਸ਼ਾ ਖੜ੍ਹੇ ਰਹਿੰਦੇ। ਉਹ ਨਵਜੋਤ ਸਿੱਧੂ ਨਾਲ ਮਿਲ ਕੇ ਅਕਾਲੀਆਂ ਨੂੰ ਜਵਾਬ ਦਿੰਦੇ ਸਨ। ਗਾਂਧੀ ਪਰਿਵਾਰ ਨਾਲ ਨਵਜੋਤ ਸਿੱਧੂ ਵਲੋਂ ਵਾਰ-ਵਾਰ ਮੁਲਾਕਾਤ ਕਰਨ ’ਤੇ ਰੰਧਾਵਾ ਨੇ ਕਿਹਾ ਕਿ ਸਾਨੂੰ ਕਦੇ ਵੀ ਗਾਂਧੀ ਪਰਿਵਾਰ ਨਾਲ ਮੁਲਾਕਾਤ ਕਰਨ ਦਾ ਸਮਾਂ ਨਹੀਂ ਮਿਲਿਆ। ਇਸ ਦੇ ਬਾਵਜੂਦ ਨਵਜੋਤ ਸਿੱਧੂ ਗਾਂਧੀ ਪਰਿਵਾਰ ਦੇ ਮੈਂਬਰਾਂ ਯਾਨੀ ਹਾਈਕਮਾਨ ਨਾਲ ਕਈ ਵਾਰ ਮੁਲਾਕਾਤ ਕਰ ਚੁੱਕੇ ਹਨ।