ਚੰਡੀਗੜ੍ਹ:ਪੰਜਾਬ ਕਾਂਗਰਸ ਵਿਚਲੀ ਲੜਾਈ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ ਹੈ। ਹਰੀਸ਼ ਰਾਵਤ ਵੱਲੋਂ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੂੰ 2022 ਦੇ ਮੁੱਖ ਮੰਤਰੀ ਚਿਹਰੇ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਖੇਮੇ ਦੇ ਵਿਧਾਇਕ ਨਾਰਾਜ਼ ਹੋ ਗਏ ਹਨ। ਪ੍ਰਗਟ ਸਿੰਘ ਨੇ ਖੁੱਲ੍ਹ ਕੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਅਤੇ ਕਿਹਾ ਕਿ ਹਰੀਸ਼ ਰਾਵਤ ਕੌਣ ਹੈ, ਉਨ੍ਹਾਂ ਸੀਐੱਮ ਦੇ ਚਿਹਰੇ ਦਾ ਐਲਾਨ ਕਰਨਾ ਪਾਰਟੀ ਹਾਈਕਮਾਨ ਦਾ ਕੰਮ ਹੈ। ਉਨ੍ਹਾਂ ਦੇ ਬਿਆਨ ਤੋਂ ਬਾਅਦ ਹਰੀਸ਼ ਰਾਵਤ (Harish Rawat) ਨੂੰ ਹਾਈਕਮਾਨ ਨੇ ਕੈਪਟਨ ਤੇ ਸਿੱਧੂ ਧੜੇ ਵਿਚਕਾਰ ਸੁਲ੍ਹਾ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਸਿੱਧੂ-ਕੈਪਟਨ ਕਲੇਸ਼ ‘ਤੇ ਮੱਚਿਆ ਸਿਆਸੀ ਘਮਸਾਣ, ਵੇਖੋ ਖਾਸ ਰਿਪੋਰਟ ਰਾਵਤ ਨੂੰ ਕਾਂਗਰਸ ਦੇ ਕਲੇਸ਼ ਖਤਮ ਕਰਨ ਦੀ ਸੌਂਪੀ ਜ਼ਿੰਮੇਵਾਰੀ
ਰਾਵਤ ਨੇ ਕਿਹਾ ਕਿ ਪੰਜਾਬ ਦੀਆਂ ਚੋਣਾਂ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ (Rahul Gandhi and Sonia Gandhi) ਦੀ ਅਗਵਾਈ ਵਿਚ ਲੜੀਆਂ ਜਾਣਗੀਆਂ। ਨਾਲ ਹੀ ਉਨ੍ਹਾਂ ਕਿਹਾ ਹੈ ਕਿ ਪੰਜਾਬ ਦੇ ਕਈ ਨਾਮੀ ਚਿਹਰੇ ਜਿਨ੍ਹਾਂ 'ਤੇ ਚੋਣ ਲੜੀ ਜਾ ਸਕਦੀ ਹੈ ਅਤੇ ਇੰਨ੍ਹਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੰਘ ਸਿੱਧੂ ਹਨ ਅਤੇ ਉਹ ਪ੍ਰਗਟ ਸਿੰਘ ਵੀ ਹੋ ਸਕਦੇ ਹਨ। ਕਿਆਸਰਾਈਆਂ ਲਗਾਈਆਂ ਜਾ ਰਹੀਆਂ ਰਾਵਤ ਵੱਲੋਂ ਕੋਸ਼ਿਸ਼ ਸ਼ੁਰੂ ਕਰ ਦਿੱਤੀ ਗਈ ਹੈ ਕਿ ਦੋਵਾਂ ਗੁੱਟਾਂ ਦੇ ਕਲੇਸ਼ ਨੂੰ ਖਤਮ ਕੀਤਾ ਜਾ ਸਕੇ।
ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ਤੇ ਸਿੱਧੂ ਅਤੇ ਕੈਪਟਨ
ਓਧਰ ਪੰਜਾਬ ਕਾਂਗਰਸ ਦੇ ਚੱਲ ਰਹੇ ਕਲੇਸ਼ ਨੂੰ ਲੈਕੇ ਸੂਬੇ ‘ਚ ਉਨ੍ਹਾਂ ਦੀਆਂ ਵਿਰੋਧੀ ਪਾਰਟੀਆਂ ਸਿੱਧੂ ਤੇ ਕੈਪਟਨ ਨੂੰ ਜੰਮਕੇ ਨਿਸ਼ਾਨੇ ਉੱਪਰ ਲੈ ਰਹੀਆਂ ਹਨ।
ਕਾਂਗਰਸ ਦਾ ਕਲੇਸ਼ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ-ਅਕਾਲੀ ਦਲ
ਅਕਾਲੀ ਦਲ ਦੇ ਆਗੂ ਕਰਮਵੀਰ ਗੁਰਾਇਆ ਨੇ ਕਿਹਾ ਕਿ ਪੰਜਾਬ ਕਾਂਗਰਸ ਦਾ ਕਲੇਸ਼ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ ਕਿਉਂਕਿ ਹਾਈਕਮਾਨ ਦੋਵਾਂ ਆਪਣੇ ਹੱਥਾਂ ਵਿੱਚ ਰੱਖਣਾ ਚਾਹੁੰਦੀ ਹੈ। ਇਸ ਲਈ ਦੋਵੇਂ ਧੜਿਆਂ ਦਾ ਕਲੇਸ਼ ਖਤਮ ਨਹੀਂ ਹੋਵੇਗਾ ਅਤੇ ਦੋਵੇਂ ਧੜੇ ਆਪੋ-ਆਪਣੀਆਂ ਤਿਆਰੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਕਲੇਸ਼ ਨਾਲ ਜੋ ਪੰਜਾਬ ਦੇ ਮੁੱਦੇ ਹਨ ਉਨ੍ਹਾਂ ਨੂੰ ਨਜ਼ਰਅੰਦਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੋ ਲੋਕਾਂ ਨਾਲ ਕਾਂਗਰਸ ਵੱਲੋਂ ਜੋ ਵਾਅਦੇ ਕੀਤੇ ਗਏ ਸਨ ਉਹ ਅਜੇ ਤੱਕ ਪੂਰੇ ਨਹੀਂ ਹੋਏ ਹਨ।
ਦੋਵਾਂ ਧੜਿਆਂ ਦੇ ਕਲੇਸ਼ ਨੇ ਪੰਜਾਬ ਦੇ ਮੁੱਦੇ ਪਿੱਛੇ ਛੱਡੇ-ਆਪ
ਆਮ ਆਦਮੀ ਪਾਰਟੀ ਦੇ ਆਗੂ ਨੀਲ ਗਰਗ ਦੇ ਵੱਲੋਂ ਕੈਪਟਨ ਤੇ ਸਿੱਧੂ ਦੋਵਾਂ ਤੇ ਨਿਸ਼ਾਨੇ ਸਾਧੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਦੇ ਕਾਟੋ ਕਲੇਸ਼ ਦੇ ਚੱਲਦੇ ਪੰਜਾਬ ਦੇ ਅਸਲ ਮੁੱਦੇ ਪਿੱਛੇ ਰਹਿ ਗਏ ਹਨ ਤੇ ਹਰ ਰੋਜ਼ ਦੀਆਂ ਸੁਰਖੀਆਂ ਕੈਪਟਨ ਅਤੇ ਸਿੱਧੂ ਦਾ ਕਲੇਸ਼ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਦੋਵਾਂ ਦੇ ਕਲੇਸ਼ ਮੁਕਾਉਣ ਦੇ ਲਈ ਕਈ ਵਾਰ ਹਾਈਕਮਾਨ ਸੁਲ੍ਹਾ ਕਰਵਾ ਚੁੱਕੀ ਹੈ ਪਰ ਹੱਲ ਨਹੀਂ ਹੋ ਸਕਿਆ।
ਕਾਂਗਰਸ ਕਲੇਸ਼ ਕਾਰਨ ਪੰਜਾਬ ਦਾ ਹੋ ਰਿਹਾ ਨੁਕਸਾਨ-ਭਾਜਪਾ
ਕਾਂਗਰਸ ਦੇ ਕਲੇਸ਼ ਨੂੰ ਲੈਕੇ ਭਾਜਪਾ ਆਗੂ ਹਰਜੀਤ ਗਰੇਵਾਲ ਨਾਲ ਈਟੀਵੀ ਭਾਰਤ ਦੀ ਟੀਮ ਵੱਲੋਂ ਫੋਨ ਤੇ ਗੱਲਬਾਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਕੁਰਸੀ ਲੜਾਈ ਲੜ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਲੜਾਈ ਦੇ ਕਾਰਨ ਪੰਜਾਬ ਦਾ ਵੱਡਾ ਨੁਕਸਾਨ ਹੋ ਰਿਹਾ ਹੈ।
ਕਾਂਗਰਸ ਆਗੂ ਨੇ ਕੈਪਟਨ ‘ਤੇ ਹੀ ਚੁੱਕੇ ਸਵਾਲ
ਇਸ ਮਸਲੇ ਨੂੰ ਲੈਕੇ ਕਾਂਗਰਸ ਆਗੂ ਜੀਐੱਸ ਬਾਲੀ ਨੇ ਈਟੀਵ ਭਾਰਤ ਦੀ ਟੀਮ ਨਾਲ ਗੱਲਬਾਤ ਕਰਦੇ ਕਿਹੈ ਕਿ ਇਹ ਚੰਗਾ ਹੋਵੇਗਾ ਕਿ ਹਰੀਸ਼ ਰਾਵਤ ਵਿਚਾਰਧਰਾਵਾਂ ਦੇ ਅੰਤਰ ਨੂੰ ਦੂਰ ਕਰ ਦੇਣ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਵੱਲੋਂ ਜੋ ਵਾਅਦੇ ਕੀਤੇ ਸਨ ਉਹ ਪੂਰੇ ਨਹੀਂ ਹੋਏ। ਉਨ੍ਹਾਂ ਕਿਹਾ ਕਿ ਇਨ੍ਹਾਂ ਵਾਅਦਿਆਂ ਨੂੰ ਲੈਕੇ ਪੰਜਾਬ ਕਾਂਗਰਸ ਦੇ ਵਿਧਾਇਕ ਲੋਕਾਂ ਨੂੰ ਕੀ ਜਵਾਬ ਦੇਣਗੇ ਤੇ ਕਿਵੇਂ ਲੋਕਾਂ ਵਿੱਚ ਜਾਣਗੇ। ਇਸ ਮੌਕੇ ਉਨ੍ਹਾਂ ਇਹ ਗੱਲ ਦਾਅਵੇ ਨਾਲ ਕਹੀ ਕਿ ਜੇ ਅਗਲੀਆਂ ਚੋਣਾਂ ਕੈਪਟਨ ਦੇ ਸੀਐਮ ਚਿਹਰੇ ਵਜੋਂ ਲੜੀਆਂ ਗਈਆਂ ਤਾਂ ਪਾਰਟੀ ਹਾਰੇਗੀ। ਉਨ੍ਹਾਂ ਕਿਹਾ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਸਲੇ ਨੂੰ ਹੋਰ ਵੀ ਖੁੱਲ੍ਹ ਕੇ ਚੁੱਕਣਗੇ।
ਫਿਲਹਾਲ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੂੰ ਦੋਵਾਂ ਧੜਿਆਂ ਵਿੱਚ ਸੁਲ੍ਹਾ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਚਰਚਾ ਇਹ ਵੀ ਚੱਲ ਰਹੀ ਹੈ ਕਿ ਹਰੀਸ਼ ਰਾਵਤ ਵੱਲੋਂ ਹਾਈਕਮਾਨ ਨੂੰ ਸੌਂਪੀ ਰਿਪੋਰਟ ਤੋਂ ਬਾਅਦ ਸਿੱਧੂ ਤੇ ਕੈਪਟਨ ਨੂੁੰ ਦਿੱਲੀ ਦਰਬਾਰ ਵੀ ਬੁਲਾਇਆ ਜਾ ਸਕਦਾ ਹੈ। ਚੋਣਾਂ ਨੇੜੇ ਹੋਣ ਕਾਰਨ ਦੋਵਾਂ ਧੜਿਆਂ ਵਿਚਕਾਰ ਕਲੇਸ਼ ਕਾਫੀ ਵਧ ਰਿਹਾ ਹੈ ਜੋ ਕਾਂਗਰਸ ਲਈ ਚੰਗਾ ਸੰਕੇਤ ਨਹੀਂ ਹੈ। ਹੁਣ ਵੇਖਣਾ ਦਿਲਚਸਪ ਰਹੇਗਾ ਕਿ ਆਖਿਰ ਕਦੋਂ ਦੋਵਾਂ ਧੜਿਆਂ ਦਾ ਕਲੇਸ਼ ਖਤਮ ਹੋਵੇਗਾ।
ਇਹ ਵੀ ਪੜ੍ਹੋ:ਹਰੀਸ਼ ਰਾਵਤ ਨੇ ਪਰਗਟ ਸਿੰਘ ਨੂੰ ਦਿੱਤਾ ਇਹ ਜਵਾਬ