ਚੰਡੀਗੜ੍ਹ:ਪੰਜਾਬ ਨੂੰ ਜਲਦੀ ਹੀ ਨਵਾਂ ਡੀਜੀਪੀ ਮਿਲ ਸਕਦਾ ਹੈ। ਜਾਣਕਾਰੀ ਸਾਹਮਣੇ ਆਈ ਹੈ ਕਿ ਮੌਜੂਦਾ ਡੀਜੀਪੀ ਵੀਕੇ ਭਾਵਰਾ ਕੇਂਦਰੀ ਡੈਪੂਟੇਸ਼ਨ 'ਤੇ ਜਾਣ ਦੀ ਤਿਆਰੀ ਕਰ ਰਹੇ ਹਨ ਕਿਉਂਕਿ ਇਸ ਸਬੰਧੀ ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਕੇਂਦਰੀ ਗ੍ਰਹਿ ਵਿਭਾਗ ਨੂੰ ਪੱਤਰ ਵੀ ਭੇਜਿਆ ਹੈ। ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਸਰਕਾਰ ਵੀਕੇ ਭਾਵਰਾ ਤੋਂ ਨਾਰਾਜ਼ ਵੀ ਚਲ ਰਹੀ ਹੈ।
ਵਿਰੋਧੀਆਂ ਦੇ ਨਿਸ਼ਾਨੇ ’ਤੇ ਸਰਕਾਰ: ਦੱਸ ਦਈਏ ਕਿ ਪੰਜਾਬ ’ਚ ਕੁਝ ਸਮਾਂ ਤੋਂ ਹਾਲਾਤ ਠੀਕ ਨਹੀਂ ਹਨ। ਮੁਹਾਲੀ ਹੈਡਕੁਆਰਟਰ ਬਲਾਸਟ ਅਤੇ ਮੂਸੇਵਾਲਾ ਕਤਲ ਮਾਮਲੇ ਤੋਂ ਬਾਅਦ ਭਗਵੰਤ ਮਾਨ ਸਰਕਾਰ ਦੇ ਲਈ ਚੁਣੌਤੀਆਂ ਕਾਫੀ ਵਧੀਆ ਹਨ। ਮੂਸੇਵਾਲਾ ਕਤਲਕਾਂਡ ਤੋਂ ਬਾਅਦ ਲਗਾਤਾਰ ਵਿਰੋਧੀਆਂ ਤੋਂ ਇਲਾਵਾ ਆਮ ਲੋਕ ਵੀ ਸਰਕਾਰ ਦੇ ਉਲਟ ਹੋ ਗਏ। ਇਸ ਦਾ ਨਤੀਜਾ ਸਰਕਾਰ ਨੂੰ ਹੁਣ ਸੰਗਰੂਰ ਦੀ ਲੋਕਸਭਾ ਜ਼ਿਮਨੀ ਚੋਣ ਵਿੱਚ ਭੁਗਤਣਾ ਪਿਆ। ਇਸ ਦੇ ਬਾਅਦ ਪ੍ਰਦੇਸ਼ ਵਿੱਚ ਲਗਾਤਾਰ ਵਿਗੜਦੀ ਕਾਨੂੰਨ ਵਿਵਸਥਾ ਸਰਕਾਰ ਦੇ ਨਾਲ ਪੁਲਿਸ ਪ੍ਰਬੰਧਕ ਦੀ ਕਾਰਗੁਜਾਰੀ ਉੱਤੇ ਵੀ ਸਵਾਲ ਉੱਠੇ।
ਡੀਜੀਪੀ ਭਾਵਰਾ ਨਾਲ ਮਾਨ ਸਰਕਾਰ ਦੀ ਨਾਰਾਜ਼ਗੀ:ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਵੱਖ ਵੱਖ ਸਿਆਸੀ ਆਗੂ ਪਿੰਡ ਮੂਸਾ ਵਿਖੇ ਉਨ੍ਹਾਂ ਦੇ ਘਰ ਚ ਪਰਿਵਾਰ ਨਾਲ ਅਫਸੋਸ ਜਤਾਉਣ ਲਈ ਪਹੁੰਚੇ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਸੀ। ਪਰ ਇਸ ਦੌਰਾਨ ਉਨ੍ਹਾਂ ਦੇ ਨਾਲ ਕੋਈ ਵੀ ਪੁਲਿਸ ਅਧਿਕਾਰੀ ਨਹੀਂ ਸੀ। ਇਸ ਤੋਂ ਬਾਅਦ ਡੀਜੀਪੀ ਭਾਵਰਾ ਦੇ ਨਾਲ ਮਾਨ ਸਰਕਾਰ ਦੀ ਨਾਰਾਜਗੀ ਸਾਹਮਣੇ ਆਉਣ ਲੱਗੀ। ਹਾਲਾਂਕਿ ਇਸ ਦੌਰਾਨ ਸੀਐੱਮ ਮਾਨ ਨੇ ਕਤਲਕਾਂਡ ਦੇ ਮੁਲਜ਼ਮਾਂ ਨੂੰ ਹਰ ਹਾਲ ਚ ਗ੍ਰਿਫਤਾਰ ਕਰਨ ਦਾ ਭਰੋਸਾ ਦਿੱਤਾ ਸੀ।
ਸੰਗਰੂਰ ਜ਼ਿਮਨੀ ਚੋਣਾਂ ’ਚ 'ਆਪ' ਦੀ ਹਾਰ: ਇੱਕ ਪਾਸੇ ਜਿੱਥੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਲਗਾਤਾਰ ਵਿਰੋਧੀਆਂ ਵੱਲੋਂ ਘੇਰਿਆ ਜਾ ਰਿਹਾ ਸੀ, ਉੱਥੇ ਹੀ ਦੂਜੇ ਪਾਸੇ ਸੰਗਰੂਰ ਜ਼ਿਮਨੀ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਜਦਕਿ ਮੁੱਖ ਮੰਤਰੀ ਭਗਵੰਤ ਮਾਨ ਖੁਦ ਇਥੋਂ ਦੋ ਵਾਰ ਐਮਪੀ ਰਹਿ ਚੁੱਕੇ ਹਨ। ਹਾਲਾਂਕਿ ਤਿੰਨ ਮਹੀਨਿਆਂ ਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਈ ਵੱਡੇ ਕਦਮ ਚੁੱਕੇ ਗਏ ਪਰ ਚੋਣਾਂ ਦੌਰਾਨ ਪੰਜਾਬ ਦੀ ਕਾਨੂੰਨ ਵਿਵਸਥਾ ਮੁੱਖ ਮੁੱਦਾ ਰਿਹਾ। ਦੱਸ ਦਈਏ ਕਿ ਵੀਕੇ ਭਾਵਰਾ ਨੂੰ ਪਿਛਲੀ ਸਰਕਾਰ ਵੱਲੋਂ ਡੀਜੀਪੀ ਲਗਾਇਆ ਗਿਆ ਸੀ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਨੂੰ ਹਟਾਇਆ ਨਹੀਂ ਗਿਆ ਸੀ।